Saturday, September 19, 2009

"ਵੋਟਾਂ ਵੇਲ਼ੇ ਦੋ ਉਂਗਲ਼ਾਂ ਜੀਆਂ ਕਾਹਤੋਂ ਖੜ੍ਹੀਆਂ ਕਰਦੇ ਐ..?" -ਸ਼ਿਵਚਰਨ ਜੱਗੀ ਕੁੱਸਾ


"ਵੋਟਾਂ ਵੇਲ਼ੇ ਦੋ ਉਂਗਲ਼ਾਂ ਜੀਆਂ ਕਾਹਤੋਂ ਖੜ੍ਹੀਆਂ ਕਰਦੇ ਐ..?"   -ਸ਼ਿਵਚਰਨ ਜੱਗੀ ਕੁੱਸਾ



'ਅੜਿੱਕੇ' ਦਾ ਨਾਂ ਤਾਂ ਘਰਦਿਆਂ ਨੇ ਬਖਤੌਰ ਸਿਉਂ ਰੱਖਿਆ ਸੀ। ਪਰ ਹਰ ਗੱਲ ਵਿਚ ਬੁਰੀ ਤਰ੍ਹਾਂ ਨਾਲ ਟੰਗ ਅੜਾਉਣ ਕਰਕੇ, ਲੋਕਾਂ ਨੇ ਉਸ ਦਾ ਨਾਂ ਹੀ 'ਅੜਿੱਕਾ' ਪਾ ਲਿਆ ਸੀ। ਪਿੰਡਾਂ ਵਿਚ ਹਾਲ ਹੀ ਇਹ ਹੈ ਕਿ ਜੇ ਕਿਸੇ ਦਾ ਨਾਂ 'ਕੁਲਦੀਪ' ਹੋਵੇ, ਉਸ  ਨੂੰ 'ਮਾਣਕ' ਜਾਂ  ਜੇ ਕਿਸੇ ਦਾ ਨਾਂ 'ਦੇਵ' ਹੋਵੇ ਤਾਂ ਉਸ ਨੂੰ 'ਥਰੀਕਿਆਂ ਵਾਲਾ' ਕਹਿਣ ਲੱਗ ਪੈਣਗੇ। ਤੀਮੀਂ ਤੋਂ ਚੱਪਲੀਆਂ ਖਾਣ ਵਾਲੇ  ਦਾ ਨਾਂ  'ਸੂਰਮਾਂ' ਅਤੇ ਛੋਟੀ ਭਰਜਾਈ ਤੋਂ ਛਿੱਤਰ ਖਾਣ ਵਾਲੇ ਛੜੇ ਜੇਠ ਦਾ ਨਾਂ 'ਘੈਂਟ' ਰੱਖ  ਲੈਂਦੇ ਹਨ। ਪਿੰਡਾਂ ਵਿਚ  ਨਾਵਾਂ ਦਾ  ਇੱਕ  ਆਪਣਾ ਹੀ 'ਇਤਿਹਾਸ' ਹੈ। ਜਿਵੇਂ ਮਾਲਵੇ ਵਿਚ ਕਹਾਵਤ ਹੈ, "ਬੁੜ੍ਹੀ ਮਰਗੀ ਨਖਾਸਣੇ ਨਾਲ-ਧੀ ਦਾ ਨਾਂ ਥੰਧ੍ਹੀ!" ਕਈ ਬਾਈ ਸੋਚਣਗੇ ਬਈ ਇਹ 'ਨਖਾਸਣਾ' ਕੀ ਬਲਾਅ ਹੋਈ? ਨਖਾਸਣੇ ਦਾ ਮਤਲਬ ਬਾਈ ਜੀ 'ਖੁਸ਼ਕੀ' ਹੁੰਦਾ ਹੈ! ਨਾਵਾਂ ਬਾਰੇ ਕਦੇ ਫੇਰ ਵਿਸਥਾਰ ਕਰਾਂਗੇ। ਲੰਮੀ ਘਾਣੀ ਐਂ...!

ਅੜਿੱਕਾ ਅਨਪੜ੍ਹ ਸੀ। ਨਸ਼ੇ ਪੂਰੇ ਟਿਕਾਅ ਕੇ ਕਰਦਾ ਸੀ। ਨਸ਼ੇ ਕਰਨੇ ਅਤੇ ਸੱਥ ਵਿਚ ਆ ਬੈਠਣਾ। ਪੜ੍ਹੇ-ਲਿਖਿਆਂ ਤੋਂ ਅਖ਼ਬਾਰਾਂ ਦੀਆਂ ਖ਼ਬਰਾਂ ਸੁਣਨੀਆਂ। ਖ਼ਬਰਾਂ ਸੁਣਦੇ - ਸੁਣਦੇ ਵਿਚ ਸੀ. ਬੀ. ਆਈ. ਦਾ ਨਾਂ ਕਿਤੇ ਨਾ ਕਿਤੇ ਜ਼ਰੂਰ ਆ ਜਾਣਾ। ਬੱਸ! ਫਿਰ ਕੀ ਸੀ...? ਸੀ. ਬੀ. ਆਈ. ਦਾ ਭੂਤ ਅੜਿੱਕੇ  ਨੂੰ ਅਜਿਹਾ ਨਸੂੜੇ੍ਹ  ਦੀ ਗਿੜ੍ਹਕ ਵਾਂਗ ਚਿੰਬੜਿਆ ਕਿ ਲਹਿਣ ਦਾ ਨਾਂ ਨਹੀਂ ਸੀ ਲੈਂਦਾ।
ਜੇ ਕਿਸੇ ਦੀ ਮੱਝ ਨੂੰ ਕੱਟੇ ਨੇ ਚੁੰਘ ਜਾਣਾ। ਅਗਲੇ ਨੇ  'ਬੂ-ਪਾਹਰਿਆ' ਤਾਂ ਕਰਨੀ ਹੀ ਸੀ!  ਤਾਂ ਅੜਿੱਕਾ ਬੜੇ ਮਜਾਜ ਨਾਲ ਕਹਿੰਦਾ, "ਇਹ ਤਾਂ ਭਾਈ ਅਣਹੋਣੀ ਐਂ-ਸਾਰਾ ਕਸੂਰ ਕੱਟੇ ਦਾ ਵੀ ਨਹੀਂ, ਸਾਜਿਸ਼ ਵਿਚ ਮੱਝ ਦੀ ਵੀ ਪੂਰੀ ਸ਼ਾਮਲ ਐ-ਹੈਂ ਬਈ ਸਹੁਰੇ ਦੀਏ! ਤੂੰ ਸਾਰਾ ਦੁੱਧ ਚੁੰਘਾਇਆ ਤਾਂ ਚੁੰਘਾਇਆ ਕਿਉਂ? ਮਾਲਕਾਂ ਦਾ ਵੀ ਖਿਆਲ ਕਰ-ਜਿਹੜੇ ਤੈਨੂੰ ਸਾਂਭਦੇ ਐ-ਕੱਟਾ 'ਤੇ ਮੱਝ ਦੋਨੋਂ ਦੋਸ਼ੀ - ਇਹਦੀ  ਇਨਕੁਆਰੀ ਸੀ. ਬੀ. ਆਈ. ਤੋਂ ਕਰਵਾਓ-ਧੋਖਾਧੜੀ ਵੱਡੀ ਚਾਹੇ ਛੋਟੀ, ਜੁਰਮ ਐਂ-ਮੱਝ ਵੀ ਮੰਤਰੀਆਂ ਨਾਲੋਂ ਘੱਟ ਨਹੀਂ-ਉਹ ਬੋਟਾਂ ਲੈ ਕੇ ਦਿੱਲੀ ਜਾ ਵਜਦੇ ਐ ਤੇ ਇਹ ਪੱਠਾ-ਦੱਥਾ ਛਕ ਕੇ ਦੁੱਧ ਕੱਟੇ ਨੂੰ ਚੁੰਘਾ ਛੱਡਦੀ ਐ।" ਉਹ ਨਸ਼ੇ ਵਿਚ ਅਵਲ਼ੀਆਂ-ਸਵਲ਼ੀਆਂ ਮਾਰਨ ਲੱਗ ਪੈਂਦਾ।
ਜੇ ਅੜਿੱਕੇ ਦੇ ਘਰਵਾਲੀ ਉਸ ਨੂੰ ਜ਼ਮੀਨ ਵੇਚਣ ਤੋਂ ਜਾਂ ਨਸ਼ੇ ਕਰਨ ਤੋਂ ਵਰਜਦੀ, ਉਹ 'ਅਲੀ - ਅਲੀ' ਕਰਕੇ ਮਗਰ ਪੈ ਜਾਂਦਾ, "ਗੱਲ ਸੁਣ ਲੈ ਟਿਕਾਅ ਕੇ-ਜਮੀਨ ਮੇਰੀ-ਨਸ਼ੇ ਮੈਂ ਖਰੀਦਦੈਂ-ਕਰਦਾ ਮੈਂ ਆਂ-ਤੂੰ ਮੇਰੇ 'ਤੇ ਕੋਈ ਸੀ. ਬੀ. ਆਈ. ਨੀ ਲੱਗੀ ਵੀ! ਜੇ ਮੁੜ ਕੇ ਮੇਰੀ ਗੱਲ ਵਿਚ ਦਖਲ ਦਿੱਤਾ-ਫੇਰ ਦੇਖ ਲੈ-ਤੂੰ ਮੇਰੇ ਤੇ ਕਰਫੂ ਤਾਂ ਨੀ ਲਾਉਣਾ? ਤੂੰ ਦੱਸ ਮੇਰੇ ਤੇ ਕੀ ਕਮਿਸ਼ਨ ਬਿਠਾਉਣੈਂ?"
ਇਕ ਦਿਨ ਡੋਗਰ ਦੀ ਬੱਕਰੀ ਗੁਆਚ ਗਈ। ਉਹਨਾਂ ਨੇ ਗੁਰਦੁਆਰੇ ਦੇ ਸਪੀਕਰ ਵਿਚ ਬੁਲਾ ਦਿੱਤਾ, "ਸਾਧ ਸੰਗਤ ਜੀ! ਡੋਗਰ ਦੀ ਬੱਕਰੀ ਗੁਆਚ ਗਈ ਹੈ-ਕਿਸੇ ਨੇ ਦੇਖੀ ਹੋਵੇ ਕ੍ਰਿਪਾ ਕਰਕੇ ਸੂਚਨਾਂ ਦੇਵੇ!"
ਅੜਿੱਕੇ ਦੀ ਛਿੱਟ ਲੱਗੀ ਹੋਈ ਸੀ। ਸੂਚਨਾਂ ਸੁਣਦਿਆਂ ਹੀ ਬੋਲਿਆ, "ਸਾਧ  ਸੰਗਤ  ਸੀ. ਬੀ. ਆਈ. ਐ? ਬੱਕਰੀ ਕਿਸੇ  ਨੇ ਵੱਢ ਕੇ ਪਤੀਲੇ 'ਚ  ਸਿੱਟਲੀ ਹੋਊ - ਬੋਲਤੀ ਹੋਊ ਸੋ ਨਿਹਾਲ-ਤੋਰਤੀ ਹੋਊ ਸੁਰਗਾਂ ਨੂੰ-ਹੋਰ ਬੱਕਰੀ ਨਾਲ ਕਿਹੜਾ ਕਿਸੇ ਨੇ Ḕਨੰਦ ਕਾਰਜ ਕਰਵਾਉਣੈ..?"
-"ਯਾਰ ਨੀਂਹ ਪੱਥਰ ਰੱਖੇ ਨੂੰ ਸਾਲ ਹੋ ਗਿਆ-ਪਰ ਪਾਣੀ ਆਲੀ ਟੈਂਕੀ ਅਜੇ ਤੱਕ ਨਹੀਂ ਬਣੀ।"  ਮਲਕੀਤ ਮਿਸਤਰੀ ਨੇ ਇੱਕ ਦਿਨ ਸੱਥ ਵਿਚ ਬੈਠ ਕੇ ਗੱਲ ਚਲਾਈ।
-"ਚਲੋ ਟੈਂਕੀ ਬਣੀ ਚਾਹੇ ਨਹੀਂ ਬਣੀਂ-ਜਿਹੜਾ ਨੀਂਹ ਆਲਾ ਪੱਥਰ ਜਿਆ ਲਾਇਐ ਉਹੀ ਵਧੀਐ-ਮਡੀਹਰ ਨੂੰ ਲੱਤਾਂ ਲਮਕਾ ਕੇ ਬੈਠਣ ਨੂੰ ਜਗਾਹ ਤਾਂ ਬਣਗੀ-ਮੰਤਰੀ ਜਿੰਨਾਂ ਕੁ ਦਿੰਦੇ ਐ-ਉਨੇ ਕੁ ਤੇ ਈ ਸਬਰ ਕਰਨਾਂ ਸਿੱਖੋ-ਜਾਂਦੇ ਚੋਰ ਦੀ ਤੜਾਗੀ ਈ ਬਹੁਤ ਹੁੰਦੀ ਐ-ਹੋਰ ਮੰਤਰੀ 'ਤੇ ਸੀ. ਬੀ. ਆਈ. ਤਾਂ ਬਿਠਾਉਣੋ ਰਹੇ!"
ਅੱਜ ਕੱਲ੍ਹ ਸਾਰੇ ਪੰਜਾਬ ਵਿਚ ਚੋਣਾਂ ਦਾ 'ਬਿਗਲ'  ਵੱਜਿਆ  ਹੋਇਆ ਸੀ। ਹਰ ਪਿੰਡ,  ਹਰ ਘਰ ਅਤੇ ਹਰ ਸੱਥ ਵਿਚ ਚੋਣਾਂ ਦੀਆਂ ਗੱਲਾਂ ਹੀ ਹੋ ਰਹੀਆਂ ਸਨ।
-"ਚੋਣਾਂ ਦਾ ਮਤਬਲ ਪਤਾ ਕੀ ਹੁੰਦੈ...?" ਅੜਿੱਕੇ ਨੇ ਸੱਥ ਵਿਚ ਬੈਠੇ ਬੰਦਿਆਂ ਨੂੰ ਪੁੱਛਿਆ।
-"ਚੋਣਾਂ ਦਾ ਮਤਲਬ ਹੁੰਦੈ-ਵੋਟਾਂ...!" ਕਿਸੇ ਨੇ ਕਿਹਾ।
-"ਨ੍ਹਾ...! ਜਮਾਂ ਗਲਤ...!" ਅੜਿੱਕਾ ਮੁਨੱਕਰ ਸੀ।
-"ਹੋਰ ਕੀ ਹੁੰਦੈ...?" ਕਾਮਰੇਡ ਵਿਅੰਗਮਈ ਹੱਸਿਆ।
-"ਚੋਣਾਂ ਦਾ ਮਤਬਲ ਹੁੰਦੈ-ਮੰਤਰੀਆਂ ਵੱਲੋਂ ਇਸ਼ਾਰਾ।" ਉਹ ਅਗਲੇ ਦੇ ਮੂੰਹ 'ਚ ਉਂਗਲ ਦੇਣ ਤੱਕ ਜਾਂਦਾ ਸੀ।
-"ਉਹ ਕਾਹਦਾ...?"
-"ਚੋਣਾਂ ਦਾ ਮਤਬਲ ਹੁੰਦੈ-ਬਈ, 'ਚੋਣੈਂ'...? ਬਈ, ਭਾਈ ਹੁਣ ਜੇ ਵੋਟਾਂ ਤੋਂ ਪਹਿਲਾਂ ਚੋਣੈਂ ਤਾਂ ਬੇਸ਼ੱਕ ਚੋਅ ਲਓ-ਨਹੀਂ ਮੈਂ ਮੁੜ ਕੇ ਡਾਹ ਨਹੀਂ ਦੇਣੀ-ਫੇਰ ਨਾ ਬਾਲਟੀ ਚੱਕੀ ਮੇਰੇ ਮਗਰ ਭੱਜੇ ਫਿਰਿਓ!"
ਸਾਰੇ ਹੱਸ ਪਏ।
-"ਹੱਸਣ ਦੀ ਗੱਲ ਨਹੀਂ-ਦੇਖ ਲਓ-ਬੋਟਾਂ ਤੋਂ ਪਹਿਲਾਂ ਹਰ 'ਮੀਦਬਾਰ ਰੋਜ ਦੋ ਸੌ ਕੋਹ ਬਾਟ ਕਰ ਦਿੰਦੈ-ਪੰਜਾਂ ਸਾਲਾਂ ਦਾ ਸਫਰ ਪਹਿਲਾਂ ਈ ਪੂਰਾ ਕਰ ਲੈਂਦੇ ਐ-ਫੇਰ ਬੋਟਾਂ ਤੋਂ ਬਾਅਦ ਬਾਵੇ ਅੰਗ ਨੀਂ ਆਉਂਦੇ-ਦਿੱਲੀ ਈ ਗੇੜਾ ਰੱਖਦੇ ਐ-ਜਿਵੇਂ....ਮੇਰੇ ਮੂੰਹੋਂ ਕੁਛ ਹੋਰ ਨਿਕਲ ਚੱਲਿਆ ਸੀ-।"
-"ਕੱਢ ਕੱਢ ਮੂੰਹੋਂ..! ਗੱਲ ਦਿਲ Ḕਚ ਨਹੀਂ ਰੱਖੀਦੀ ਹੁੰਦੀ..!" ਕਾਮਰੇਡ ਨੇ ਅੜਿੱਕੇ ਦੀ ਬੱਤੀ ਉਗੀਸੀ।
-"ਜਿਵੇਂ ਦਿੱਲੀ ਜਾ ਕੇ 'ਨਵੇਂ ਦੁੱਧ' ਹੋਣਾਂ ਹੁੰਦੈ-।" ਉਸ ਨੇ ਗੱਲ ਪੂਰੀ ਕਰ ਮਾਰੀ।
ਮਡੀਹਰ ਵਿਚ ਹਾਸੜ ਪੈ ਗਈ।
-"ਜਾਂ ਫੇਰ ਕੰਨ ਨੂੰ ਲਾ ਕੇ ਕੋਹੜ ਕਿਰਲ੍ਹਾ ਜਿਆ, ਜਾੜ੍ਹਾਂ ਜੀਆਂ ਕੱਢੀ ਜਾਣਗੇ।" ਅੜਿੱਕੇ ਨੂੰ ਮੰਤਰੀਆਂ ਦੇ ਮੋਬਾਇਲ ਫ਼ੋਨਾਂ Ḕਤੇ ਬਹੁਤੀ ਚਿੜ੍ਹ ਸੀ।
-"ਧਰਮਿੰਦਰ ਵੀ ਵੋਟਾਂ 'ਚ ਖੜ੍ਹ ਗਿਆ।" ਪਾੜ੍ਹੇ ਨੇ ਨਵੀਂ ਗੱਲ ਹਾਜ਼ਰ ਕੀਤੀ।
-"ਰਾਜਨੀਤੀ ਉਹਦੇ ਬੱਸ ਦਾ ਰੋਗ ਨਹੀਂ।" ਅੜਿੱਕੇ ਨੇ ਤੋੜ ਕੇ, ਦੋ ਟੁੱਕ ਫ਼ੈਸਲਾ ਦੇ ਦਿੱਤਾ।
-"ਕਿਉਂ ਉਹਦੇ ਛਪਾਕੀ ਲਿੱਕਲ਼ੀ ਐ?"
-"ਟੈਲੀਬੀਜਨ 'ਤੇ ਈ ਲੱਕ-ਲੁੱਕ ਹਿਲਾਈ ਜਾਂਦਾ, ਬਧੀਆ ਸੀ।"
-"ਕਾਹਤੋਂ...?"
-"ਹੇਲਾਂ ਬਾਹਮਣੀ ਨਾਲ ਇਸ਼ਕ ਮੁਸ਼ਕ ਕਰੀ ਜਾਂਦਾ, ਹੁਣ ਦੱਸੋ ਬਈ ਉਹ ਰਾਜ ਭਾਗ ਬੰਨੀਂ ਦੇਖੂ ਜਾਂ ਹੇਲਾਂ ਬਾਹਮਣੀ ਨੂੰ ਸੰਭਾਲੂ..?"
-"ਹੇਲਾਂ ਬਾਹਮਣੀ ਨਹੀਂ ਬਾਈ, ਹੇਮਾਂ ਮਾਲਿਨੀ ਕਹਿ..!"
-"ਕੁਛ ਹੋਇਆ...! ਕੀਤਾ ਤਾਂ ਕੁੱਤ ਪੌਅ ਈ ਐ..? ਆਹ ਬਾਜਬਾਈ ਦੀ ਗੱਲ ਈ ਲੈਲੋ..!" ਅੜਿੱਕਾ ਡੰਡ ਬੈਠਕਾਂ ਕੱਢਣ ਲੱਗ ਪਿਆ।
-"ਖੁੱਲ੍ਹ ਕੇ ਦੱਸ਼...।" ਕਾਮਰੇਡ ਉਸ ਨੂੰ ਗੇੜਾ ਪਾ ਕੇ ਸਟਾਰਟ ਹੀ ਰੱਖਦਾ ਸੀ। ਵੈਸੇ ਧੱਕਾ-ਸਟਾਰਟ ਅੜਿੱਕਾ ਵੀ ਨਹੀਂ ਸੀ। ਬੱਸ! ਟੱਸ ਭੰਨਣ ਦੀ ਹੀ ਲੋੜ ਸੀ!
-"ਗੋਡੇ ਉਹਦੇ ਆਬਦੇ ਨਹੀਂ ਤੁਰਦੇ-ਕਹਿੰਦੇ ਛਟੀਲ ਦੇ ਲੁਆਏ ਵੇ ਐ-ਜੀਹਤੋਂ ਗੋਡਿਆਂ ਤੋਂ ਨਹੀਂ ਤੁਰਿਆ ਜਾਂਦਾ ਉਹ ਰਾਜ ਭਾਗ ਨੂੰ ਕਿਮੇਂ ਤੋਰਲੂ...? ਬਈ ਤੂੰ ਘਰੇ ਬੈਠ ਕੇ ਰਾਮ ਰਾਮ ਕਰ...!"
-"ਰਾਮ ਰਾਮ ਕਰੇ ਚਾਹੇ ਨਾ ਕਰੇ-ਰਾਮ ਮੰਦਰ-ਰਾਮ ਮੰਦਰ ਤਾਂ ਕਰੀ ਜਾਂਦੇ ਐ!" ਮਲਕੀਤ ਬਾਈ ਬੋਲਿਆ।
ਅੱਧੇ ਕੁ ਹੱਸ ਪਏ ਅਤੇ ਅੱਧੇ ਕੁ ਚੁੱਪ ਰਹੇ।
-"ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ।" ਚੁੱਪ ਅੜਿੱਕੇ ਨੇ ਹੀ ਤੋੜੀ।
-"ਕਾਹਦੀ....?"
-"ਬੋਟਾਂ ਵੇਲੇ ਹੱਥ ਜੇ ਜੋੜਨ ਦੀ ਤਾਂ ਸਮਝ ਆਉਂਦੀ ਐ ਬਈ ਮਿੰਨਤ ਤਰਲਾ ਕਰਦੇ ਐ-ਪਰ ਇਹੇ ਜਿਹੜੀਆਂ ਸਹੇ ਦੇ ਕੰਨਾਂ ਮਾਂਗੂੰ ਦੋ ਉਂਗਲਾਂ ਜੀਆਂ ਖੜ੍ਹੀਆਂ ਕਰਦੇ ਐ-ਉਹ ਕਾਹਤੋਂ ਕਰਦੇ ਐ ਬਈ...?"
-"ਦੋ ਉਂਗਲਾਂ ਖੜ੍ਹੀਆਂ ਕਰਨੀਆਂ-ਜਿੱਤ ਦੀ ਨਿਸ਼ਾਨੀ ਹੁੰਦੀ ਐ।" ਪਾੜ੍ਹੇ ਨੇ ਦੱਸਿਆ।
-"ਬੋਟਾਂ ਅਜੇ ਪੈਣੀਐਂ-ਫੈਸਲੇ ਹੋਣੇ ਐਂ-ਇਹ ਜਿੱਤ ਦੀਆਂ ਉਂਗਲਾਂ ਪਹਿਲਾਂ ਈ ਖੜ੍ਹੀਆਂ ਕਰੀ ਜਾਂਦੇ ਐ-ਬਿਨਾਂ ਪਾਣੀਓਂ ਮੌਜੇ ਲਾਹੁਣ ਆਲੀ ਗੱਲ ਹੈ ਕਿ ਨਹੀਂ ਹੈ? ਉਂਗਲਾਂ ਤਾਂ ਖੜ੍ਹੀਆਂ ਕਰੀ ਜਾਂਦੇ ਐ-ਤੇ ਜੇ ਹਾਰਗੇ ਫੇਰ?"
-"ਫੇਰ ਉਂਗਲਾਂ ਥੱਲੇ ਕਰ ਲੈਣਗੇ-ਕੋਈ ਜੋਰ ਲੱਗਦੈ?" ਕਾਮਰੇਡ ਨੇ ਅਗਲਾ ਹੱਲ ਦੱਸਿਆ।
-"ਬਸ਼ੱਰਮੀਂ ਦੀ ਵੀ ਕੋਈ ਹੱਦ ਹੁੰਦੀ ਐ ਬਾਈ।"
-"ਪਾੜ੍ਹਿਆ ਨਮਾਂ 'ਖਬਾਰ ਨੀ ਆਇਆ ਅੱਜ?" ਅੜਿੱਕੇ ਨੇ ਪੁੱਛਿਆ।
-"ਆਇਐ ਬਾਈ-।"
-"ਪੜ੍ਹਗਾਂ ਕੋਈ ਖਬਰ...! ਤੱਤੀ ਜੀ ਪੜ੍ਹੀਂ-ਠੰਢ ਜੀ ਲੱਗੀ ਜਾਂਦੀ ਐ!"
-"ਸੁਣਾ ਬਈ ਇਹਨੂੰ ਕੋਈ ਖਬਰ-ਕਰ ਗਰਮ ਪਾੜ੍ਹਿਆ...।" ਕਾਮਰੇਡ ਨੇ ਆਖਿਆ।
ਪਾੜ੍ਹੇ ਨੇ ਕੱਪੜੇ ਦੇ ਥਾਨ ਵਾਂਗ ਅਖ਼ਬਾਰ ਖੋਲ੍ਹ ਲਿਆ।
-"ਖਬਰ ਐ-ਅਮਰੀਕਾ ਦਾ ਰਾਸ਼ਟਰਪਤੀ ਸਾਈਕਲ ਤੋਂ ਡਿੱਗ ਪਿਆ-ਰਗੜਾਂ ਲੱਗੀਆਂ।" ਪਾੜ੍ਹੇ ਨੇ ਪੜ੍ਹ ਕੇ ਦੱਸਿਆ।
-"ਲੈ ਇਹ ਵੀ ਕੋਈ ਖਬਰ ਐ...? ਲੱਗੀਆਂ ਰਗੜਾਂ...! ਮੈਂ ਨੌਤੀ ਸੌ ਆਰੀ ਰੇਹੜ੍ਹੀ ਤੋਂ ਡਿੱਗਿਆ ਹੋਊਂਗਾ?" ਉਸ ਨੇ ਨੱਕ ਚਾੜ੍ਹਿਆ।
ਹਾਸੜ ਪੈ ਗਈ।
-"ਤੇਰੇ 'ਚ ਤੇ ਉਹਦੇ 'ਚ ਬਹੁਤ ਫਰਕ ਐ ਬਾਈ!"
-"ਕਿਉਂ ਉਹ ਕੋਈ ਉਤੋਂ ਡਿੱਗਿਐ...? ਅਸੀਂ ਟੁੱਕ ਨੀ ਖਾਂਦੇ? ਕੋਈ ਚੱਜ ਦੀ ਹੋਰ ਖਬਰ ਸੁਣਾ ਯਾਰ?"
-"ਸਾਧੂਆਂ ਨੂੰ ਨਿਰੋਧ ਵੰਡੇ-ਗੁੱਸੇ 'ਚ ਆਏ ਸਾਧ ਨਿਰੋਧ ਵੰਡਣ ਵਾਲਿਆਂ ਨਾਲ ਛਿੱਤਰੋ ਛਿੱਤਰੀ!"
-"ਛਿੱਤਰੋ ਛਿੱਤਰੀ ਹੋਣਾ ਈ ਸੀ...! ਉਹਨਾਂ ਨੂੰ ਵੰਡਣ ਦੀ ਕੀ ਲੋੜ ਸੀ? ਵੰਡਦੇ ਜੱਗਰ ਅਰਗਿਆਂ ਨੂੰ-ਜਿਹੜੇ ਆਏ ਸਾਲ ਜੁਆਕ ਪਾਥੀ ਮਾਂਗੂੰ ਪੱਥ ਧਰਦੇ ਐ-?"
ਹੱਸਦਾ ਕਾਮਰੇਡ ਲਾਮਾ-ਲੇਟ ਹੋ ਗਿਆ। ਮਡੀਹਰ ਵੱਖ ਹੱਸੀ ਜਾ ਰਹੀ ਸੀ।
-"ਮੈਨੂੰ ਹੋਰ ਸਮਝ ਨਹੀਂ ਲੱਗਦੀ-ਬਈ ਸਾਲ਼ੇ ਜੁਆਕ ਨੂੰ ਹਰ ਸਾਲ ਦੇਬਤੇ ਮਾਂਗੂੰ ਪ੍ਰਗਟ ਕਿਵੇਂ ਕਰ ਲੈਂਦੇ ਐ? ਖੁੱਡੇ 'ਚੋਂ ਕਬੂਤਰ ਕੱਢਣ ਮਾਂਗੂੰ ਪਤੰਦਰ ਜੁਆਕ ਕੱਢ ਦਿਖਾਉਂਦੇ ਐ!"
ਅੜਿੱਕੇ ਦੇ ਕਹਿਣ Ḕਤੇ ਕਾਮਰੇਡ ਨੂੰ ਹੱਥੂ ਆਉਂਦਾ ਮਸਾਂ ਬਚਿਆ।
-"ਅਡਵਾਨੀ ਵੱਲੋਂ ਰੱਥ ਯਾਤਰਾ ਸੁਰੂ।" ਪਾੜ੍ਹੇ ਨੇ ਅਗਲੀ ਖਬਰ ਪੜ੍ਹੀ।
-"ਇਹ ਟਿੱਡੀ ਮੁੱਛਾ ਜਿਆ ਕਿਸੇ ਨਾ ਕਿਸੇ ਪਾਸੇ ਨੂੰ ਜੱਕਾ ਜੋੜੀ ਈ ਰੱਖਦੈ-ਕਿਹੜਾ ਕੋਈ ਫਿਕਰ ਫਾਕੈ? ਵਿਹਲੀ ਰੰਨ ਪ੍ਰਾਹੁਣਿਆਂ ਜੋਗੀ! ਪਤਾ ਲੱਗੇ ਜੇ ਕਰਕੇ ਖਾਣਾ ਪਵੇ-ਫੇਰ ਦੇਖੀਏ ਜੱਕੇ ਕਿਮੇਂ ਜੁੜਦੇ ਐ?"
-"ਤਾਇਆ...! ਤੈਨੂੰ ਘਰੇ ਤਾਈ ਸੱਦਦੀ ਐ!" ਕਿਸੇ ਜੁਆਕ ਨੇ ਆ ਕੇ ਅੜਿੱਕੇ ਨੂੰ ਕਿਹਾ।
-"ਤਾਇਆ ਆਖਣ ਤੋਂ ਪਹਿਲਾਂ ਮੇਰੇ ਗੋਲੀ ਮਾਰ ਦਿੰਦਾ! ਤੂੰ ਸਾਲਿਆ ਚੱਪਣਾਂ ਜਿਆ! ਮੈਨੂੰ ਤਾਇਆ ਆਖਿਆ ਤਾਂ ਆਖਿਆ ਕਿਉਂ? ਮੈਂ ਤੇਰੇ ਪਿਉ ਨਾਲੋਂ ਪੂਰਾ ਸਾਲ ਛੋਟੈਂ-ਪਤੈ..? ਕੁੜੀ ਯਾਵ੍ਹੇ ਦਾ ਨਾਸਲ਼ ਜਿਆ...!"
-"ਜਾਹ ਸੁਣਿਆਂ ਗੱਲ-ਕੋਈ ਕੰਮ ਹੋਊ-ਜੁਆਕ ਦੇ ਗਲ ਈ ਪੈ ਗਿਆ।" ਕਾਮਰੇਡ ਬੋਲਿਆ।
-"ਨਹੀਂ ਕੌਮਨਸ਼ਟਾ..! ਇਹ ਤੇ ਇਹਦੀ ਮਾਂ ਮੈਨੂੰ ਜਾਣ ਕੇ ਤਪਾਉਂਦੇ ਐ-ਉਹ ਕਮੰਡਲੀ ਜੀ ਮੈਨੂੰ 'ਭਾਈ ਜੀ' ਆਖੂ-ਤੇ ਰਹਿੰਦੀ ਖੂੰਹਦੀ ਕਸਰ ਇਹ ਤਾਇਆ ਆਖ ਕੇ ਪੂਰੀ ਕਰ ਦਿੰਦੈ-ਸਾਲਾ ਚਾਪੜ ਜਿਆ!"
-"ਚਲ ਕੁਛ ਨਹੀ ਹੁੰਦਾ-ਜੁਆਕ ਨੂੰ ਮਾਫ਼ੀ ਬਖਸ਼।"
-"ਉਹ ਸਾਲੀ ਮੈਥੋਂ ਘੁੰਡ ਕੱਢ ਲੈਂਦੀ ਐ...! ਜਿਵੇਂ ਕੱਲ੍ਹ ਦੀ ਜੁਆਕੜੀ ਹੁੰਦੀ ਐ-ਇਹਦਾ ਪਿਉ ਓਦੂੰ ਚੰਦ ਐ-ਉਹ ਮੈਨੂੰ ਵੱਡਾ ਭਾਈ ਈ ਦੱਸੂ..! ਲੈ, ਕਰਲੋ ਗੱਲ਼..! ਇਹਨਾਂ ਦਾ ਤਾਂ ਸਾਰਾ ਆਵਾ ਈ ਊਤਿਆ ਵਿਐ-ਇੱਕ ਅੱਧਾ ਹੋਵੇ ਤਾਂ ਬੰਦਾ ਚੁੱਪ ਵੱਟ ਲੈਂਦੈ-ਜਿਹੋ ਜੀ ਨੰਦੋ ਬਾਹਮਣੀ ਉਹੋ ਜਿਆ ਘੁੱਦੂ ਜੇਠ-ਜੀਓ ਜੀ ਚੜ੍ਹਦਾ ਚੰਦ ਐ।"
-"ਜਾਹ ਜਾਇਆ ਹੁਣ-ਕਾਹਤੋਂ ਕਚੀਰ੍ਹਾ ਕਰਦੈਂ-ਬੰਤ ਕੁਰ ਉਡੀਕਦੀ ਹੋਊ?" ਕਾਮਰੇਡ ਨੇ ਅੜਿੱਕੇ ਨੂੰ ਠੰਢਾ ਕੀਤਾ।
-"ਬੰਤ ਕੁਰ ਸੀ. ਬੀ. ਆਈ. ਐ? ਉਹਦੇ ਵੀ ਲੈਨੈ ਝੱਗੇ ਦਾ ਮੇਚ ਜਾ ਕੇ-ਸੁਨੇਹਾਂ ਦੇ ਕੇ ਭੇਜੂ ਸਾਲੀ ਐਸ ਟੂਟਲ਼ ਨੂੰ-ਬਈ ਹੋਰ ਸਾਰਾ ਪਿੰਡ ਮਰ ਗਿਆ...?"
ਅੜਿੱਕਾ ਦੀਵੇ ਵਾਂਗ ਮੱਚਦਾ ਬੁੱਝਦਾ ਘਰ ਨੂੰ ਤੁਰ ਪਿਆ।
-"ਲੈ ਘਰੇ ਜਾ ਕੇ ਇਹਨੇ ਜਮਾਂ ਈ ਸੀਲ ਕੁੱਕੜ ਬਣ ਜਾਣੈਂ।" ਕਿਸੇ ਨੇ ਆਖਿਆ।
-"ਚੱਲ ਰਹਿਣਦੇ...! ਹੁਣ ਤੂੰ ਘਾਣੀ ਛੇੜਲੀ...!" ਕਾਮਰੇਡ ਨੇ ਉਸ ਨੂੰ ਬੋਲਣੋਂ ਰੋਕ ਦਿੱਤਾ।
ਸੱਥ ਅੜਿੱਕੇ ਬਿਨਾ 'ਭਾਂ-ਭਾਂ' ਕਰਨ ਲੱਗ ਪਈ ਸੀ! ਬੰਦਿਆਂ ਨਾਲ ਹੀ ਤਾਂ ਰੌਣਕ ਹੁੰਦੀ ਐ ਬਾਈ ਜੀ....!!

..................

Friday, September 4, 2009

ਕਿੰਨੇ ਆਲ਼ਾ ਕਰਵਾਉਣੈਂ...? -ਸ਼ਿਵਚਰਨ ਜੱਗੀ ਕੁੱਸਾ

ਕਿੰਨੇ  ਆਲ਼ਾ  ਕਰਵਾਉਣੈਂ...?        -ਸ਼ਿਵਚਰਨ ਜੱਗੀ ਕੁੱਸਾ

ਸ਼ਰਧਾ ਸਿਉਂ ਵਿਚਾਰੇ ਨੇ ਪਹਿਲਾਂ ਡੁਬਈ ਵਿਚ ਪੱਥਰ ਢੋਹੇ, ਫਿਰ ਸਾਊਦੀ ਅਰਬ ਵੀ ਚਾਰ ਕੁ ਸਾਲ ਬੱਜਰੀ ਚੁੱਕੀ। ਸਾਲ ਕੁ ਲਿਬਨਾਨ ਵਿਚ ਵੀ ਲਾਇਆ। ਆਖਰ ਅੱਠ-ਦਸ ਸਾਲ ਕਮਾਈ ਕਰਨ ਤੋਂ ਬਾਅਦ ਪਿੰਡ ਆ ਗਿਆ। ਬਾਹਰ ਤੁਰੇ ਫਿਰੇ ਬੰਦੇ ਦਾ ਪਿੰਡ ਵਿਚ ਕਿੱਥੇ ਜੀਅ ਲੱਗਦੈ? ਤੁਰਦਾ ਫਿਰਦਾ ਉਹ ਛਾਂਗੇ ਏਜੰਟ ਕੋਲ ਚਲਾ ਗਿਆ।
-"ਸਾਸਰੀਕਾਲ ਜੀ...!"
-"ਸਾਸਰੀਕਾਲ਼..!!" ਛਾਂਗਾ, ਸ਼ਰਧਾ ਸਿੰਘ ਨੂੰ ਬੜਾ ਉੱਡ ਕੇ ਮਿਲਿਆ। ਮੁਰਗੀ ਜਿਉਂ ਦਰਵਾਜੇ 'ਤੇ ਆ ਗਈ ਸੀ।
-"ਸੁਣਾਓ-ਹੁਕਮ ਕਰੋ?"
-"ਛਾਂਗਾ ਜੀ ਬਾਹਰ ਜਾਣੈਂ!"
-"ਬਾਹਰ...? ਬਾਹਰ ਤਾਂ ਬਾਹਲੇ ਐ-ਕਿਹੜੇ ਬਾਹਰ ਜਾਣੈਂ?"
-"ਜਿੱਥੇ ਤੁਸੀਂ ਭੇਜ ਦਿਉਂਗੇ।"
-"ਅਸੀਂ ਤਾਂ ਤੈਨੂੰ ਜਿੱਥੇ ਕਹੇਂ ਭੇਜ ਦਿਆਂਗੇ-ਪਰ ਕਿੰਨੇ ਕੁ ਪੈਸੇ ਲਾਉਣ ਦਾ ਇਰਾਦੈ?"
-"ਜੀ ਹੈਗੈ-ਪੰਜ ਸੱਤ ਲੱਖ ਤਾਂ।"
-"ਪੰਜ ਜਾਂ ਸੱਤ?" ਛਾਂਗੇ ਨੇ ਇਕ ਗੱਲ ਹੀ ਸੁਣਨੀ ਚਾਹੀ।
-"ਤੁਸੀਂ ਪੰਜ ਈ ਰੱਖੋ!"
-"ਇੰਗਲੈਂਡ?"
-"ਧੰਨ ਭਾਗ-ਧੰਨ ਭਾਗ!"
ਖ਼ੈਰ! ਪੰਜ ਲੱਖ ਵਿਚ ਭਲੇ ਵੇਲਿਆਂ ਵਿਚ ਸ਼ਰਧਾ ਸਿੰਘ ਇੰਗਲੈਂਡ ਆ ਗਿਆ। ਇੱਥੇ ਆ ਕੇ ਫਿਰ ਉਹ ਹੀ ਇੱਟਾਂ-ਵੱਟਿਆਂ ਨਾਲ ਮੱਥਾ ਮਾਰਿਆ। ਦਸ ਕੁ ਸਾਲਾਂ ਵਿਚ ਸ਼ਰਧਾ ਸਿੰਘ ਨੇ ਇਕ ਬੀਬੀ ਨਾਲ ਆਰਜ਼ੀ ਜਿਹਾ ਵਿਆਹ ਕਰ ਲਿਆ ਅਤੇ ਪੱਕੀ ਮੋਹਰ ਲੱਗ ਗਈ। ਕੰਮ ਉਸ ਨੇ ਹੱਡ ਭੰਨਵਾਂ ਕੀਤਾ। ਪੈਸਾ ਵੀ ਜੋੜਿਆ ਅਤੇ ਆਰਜ਼ੀ ਬੀਬੀ ਤੋਂ ਮਸਾਂ ਹੀ ਖਹਿੜਾ ਛੁਡਾਇਆ। ਦਸਾਂ ਸਾਲਾਂ ਵਿਚ ਉਸ ਨੇ ਦੋ ਮਕਾਨ ਖਰੀਦੇ। ਇਕ-ਇਕ ਮਕਾਨ ਲੈ ਕੇ ਦੋਨੋਂ ਧਿਰਾਂ ਸੰਤੁਸ਼ਟ ਹੋ ਗਈਆਂ ਅਤੇ ਸਰਬ-ਸੰਮਤੀ ਨਾਲ ਤਲਾਕ ਹੋ ਗਿਆ।
ਸ਼ਰਧਾ ਸਿਉਂ ਨੇ ਚਾਰ ਸਾਲਾਂ ਵਿਚ ਪਿੰਡ ਠੋਕ ਕੇ, ਸਿਰ ਕੱਢਵੀਂ ਕੋਠੀ ਪਾਈ ਅਤੇ ਕੋਠੀ ਦੇ ਮਹੂਰਤ 'ਤੇ ਆਖੰਡ ਪਾਠ ਪ੍ਰਕਾਸ਼ ਕਰਵਾਉਣ ਦਾ ਮਨ ਬਣਾਇਆ। ਸਾਡੇ ਪੰਜਾਬੀਆਂ ਵਿਚ ਸ਼ਰਧਾ ਬਹੁਤ ਹੈ! ਦਾਨ ਕਰਨ ਦੀ ਰੁਚੀ ਹੱਦੋਂ ਵੱਧ! ਉਸ ਨੇ ਆਪਣੇ ਤਾਏ ਦੇ ਮੁੰਡੇ ਸਾਧੂ ਸਿੰਘ ਨੂੰ ਆਪਣੀ ਸੁੱਖੀ ਹੋਈ ਸੁੱਖ ਬਾਰੇ ਦੱਸਿਆ ਤਾਂ ਸਾਧੂ ਸਿੰਘ ਨੇ ਉਸ ਦੀ ਮੁਸ਼ਕਿਲ ਤੁਰੰਤ ਹੱਲ ਕਰ ਦਿੱਤੀ।
-"ਪ੍ਰਵਾਹ ਹੀ ਨਾ ਮੰਨ-ਆਪਣੀ ਸੰਤ ਗੜਬੜਾ ਸਿਉਂ ਨਾਲ ਬੜੀ ਬਣਦੀ ਐ-ਖੰਡ ਪਾਠ ਤਾਂ ਉਹ ਬੜੀ ਸ਼ਰਧਾ ਨਾਲ ਕਰਦੈ।" ਉਸ ਨੇ ਆਪਣੇ ਵੱਲੋਂ ਪੂਰਾ ਤਾਣ ਲਾ ਕੇ ਦੱਸਿਆ।
-"ਅੱਛਾ...!"
-"ਹਾਂ! ਤੂੰ ਫ਼ਿਕਰ ਨਾ ਕਰ-ਕੱਲ੍ਹ ਨੂੰ ਆਪਾਂ ਗੜਬੜਾ ਸਿਉਂ ਕੋਲੇ ਚੱਲਾਂਗੇ।"
ਅਗਲੇ ਦਿਨ ਦੋਵੇਂ ਸੰਤ ਗੜਬੜਾ ਸਿਉਂ ਦੇ ਡੇਰੇ ਚਲੇ ਗਏ। ਡੇਰਾ ਬੜਾ ਵਿਸ਼ਾਲ ਸੀ। ਡੇਰੇ ਦੇ ਇਕ ਪਾਸੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸ਼ਸ਼ੋਭਿਤ ਸਨ ਅਤੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਡੇਰੇ ਵਿਚ ਕਿਧਰੇ ਟਰੱਕ, ਕਿਧਰੇ ਮੋਟਰ ਸਾਈਕਲ, ਕਿਧਰੇ ਟਰੈਕਟਰ, ਸਾਈਕਲਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਦੋਨਾਂ ਨੇ ਜਾ ਕੇ ਸੰਤ ਗੜਬੜਾ ਸਿਉਂ ਨੂੰ ਨਮਸਕਾਰ ਕੀਤੀ। ਸੰਤ ਗੜਬੜਾ ਸਿਉਂ ਆਪਣੇ ਲੰਮੇ ਵਾਲ ਖਿਲਾਰੀ ਮੰਜੇ 'ਤੇ ਚੌਂਕੜਾ ਮਾਰੀ ਬੈਠਾ ਸੀ। ਦਾਹੜਾ ਉਸ ਦਾ ਧੁੰਨੀ ਤੱਕ ਲੰਮਾ, ਹਵਾ ਵਿਚ ਲਹਿਰਾ ਰਿਹਾ ਸੀ।
ਸਾਧੂ ਸਿਉਂ ਨੇ ਸ਼ਰਧਾ ਸਿਉਂ ਦੀ ਖ਼ਾਹਿਸ਼ ਦੱਸੀ ਤਾਂ ਗੜਬੜਾ ਸਿਉਂ ਵਾਲਾਂ ਦੀ ਜੁਲਫ਼ ਪਿੱਛੇ ਸੁੱਟ ਕੇ ਮੁਸਕਰਾ ਪਿਆ।
-"ਉਏ ਪ੍ਰੇਮੀਓਂ...! ਆਖੰਡ ਪਾਠ ਕਰਵਾਓ-ਜਗਰਾਤਾ ਕਰਵਾਓ-ਸੁਖਮਨੀ ਸਾਹਿਬ ਦਾ ਪਾਠ ਕਰਵਾਓ-ਅਸੀਂ ਸਾਰੀਆਂ ਕਲਾਂ ਈ ਸਪੂਰਨ ਐਂ...!" ਉਸ ਨੇ ਆਪਣਾ ਖੁੱਲ੍ਹਾ-ਡੁੱਲ੍ਹਾ ਚੋਲਾ ਸੰਭਾਲਦਿਆਂ ਆਖਿਆ।
-"ਨਹੀਂ ਜੀ ਕਰਵਾਉਣਾ ਤਾਂ ਖੰਡ ਪਾਠ ਈ ਐ।" ਸਾਧੂ ਸਿਉਂ ਨੇ ਆਖਿਆ।
-"ਅਸੀਂ ਕਦੋਂ ਕਿਹੈ ਬਈ ਨਾ ਕਰਵਾਓ? ਅਸੀਂ ਤਾਂ ਹਮੇਸ਼ਾ ਇਹੀ ਉਪਦੇਸ਼ ਦਿੰਨੇ ਐਂ ਬਈ ਜੋ ਮਰਜੀ ਐ ਕਰਵਾਓ-ਪਰ ਕਿਸੇ ਪੱਖ ਦੇ ਕੱਟੜ ਧਾਰਨੀ ਨਾ ਬਣੋਂ-ਸਾਡਾ ਤਾਂ ਇਹੀ ਸਬਕ ਐ-ਪਰ ਤੁਸੀਂ ਕਰਵਾਉਣਾ ਕਿੰਨੇ ਆਲੈ..?" ਉਸ ਨੇ ਮੰਜੇ ਤੋਂ ਪਾਸਾ ਮਾਰਿਆ ਤਾਂ ਚੂਲਾਂ ਨੇ ਦੁਹਾਈ ਮਚਾ ਦਿੱਤੀ। ਉਸ ਦੀਆਂ ਗੱਡੇ ਦੀ ਸਧਵਾਈ ਵਰਗੀਆਂ ਲੱਤਾਂ ਨੰਵਾਰ ਦੇ ਮੰਜੇ Ḕਚ ਖੁੱਭ-ਖੁੱਭ ਜਾਂਦੀਆਂ ਸਨ।
-"ਕਿੰਨੇ ਆਲੇ ਦਾ ਕੀ ਮਤਬਲ ਜੀ?" ਸਾਧੂ ਸਿਉਂ ਦਾ ਮੂੰਹ ਅੱਡਿਆ ਹੋਇਆ ਸੀ। ਉਸ ਨੂੰ ਕੋਈ ਸਮਝ ਨਾ ਆਈ।
ਸੰਤ ਗੜਬੜਾ ਸਿਉਂ ਉਚੀ-ਉਚੀ ਹੱਸ ਪਿਆ।
-"ਉਏ ਕਮਲਿਓ...! ਆਖੰਡ ਪਾਠ ਦੀ ਵੀ ਭੇਟਾ ਲੱਗਦੀਐਂ-ਸਾਡੇ ਵੀ ਢਿੱਡ ਲੱਗੇ ਹੋਏ ਐ-ਨਾਲੇ ਹੈ ਲੋਕਾਂ ਨਾਲੋਂ ਵੱਡੇ-ਹੋਰ ਸਾਡੇ ਬਾਪੂ ਦੇ ਟਰੱਕ ਨ੍ਹੀ ਚੱਲਦੇ-ਅਸੀਂ ਵੀ ਸੰਗਤਾਂ ਤੋਂ ਈ ਛਕਣੈਂ!"
-"ਤੁਸੀਂ ਈ ਦੱਸੋ ਜੀ।" ਸ਼ਰਧਾ ਸਿਉਂ ਨੇ ਦੋਵੇਂ ਹੱਥ ਜੋੜ ਲਏ।
-"ਸਾਨੂੰ ਥੋਡੇ ਰੀਤੀ ਰਿਵਾਜਾਂ ਦਾ ਕੀ ਪਤੈ?" ਸਾਧੂ ਸਿਉਂ ਵੀ ਨਾਲ ਹੀ ਬੋਲ ਪਿਆ।
-"ਕੀ-ਕੀ ਭੇਟਾ ਚੱਲਦੀ ਐ ਜੀ ਅੱਜ ਕੱਲ੍ਹ ਖੰਡ ਪਾਠਾਂ ਦੀ?"
-"ਭੇਟਾ ਵੀ ਜੈਜ ਈ ਐ-ਕੋਈ ਖ਼ਾਸ ਮਹਿੰਗਾਈ ਨ੍ਹੀ ਹੋਈ-!"
-"ਤਾਂ ਵੀ ਸੰਤ ਜੀ-ਰਛਨਾਂ Ḕਚੋਂ ਤਾਂ ਫ਼ੁਰਮਾਓ..!"
-"ਭੇਟਾ, ਇਕਵੰਜਾ ਸੌ-Ḕਕੱਤੀ ਸੌ ਤੇ ਇੱਕੀ ਸੌ ਚੱਲਦੀ ਐ।" ਗੜਬੜਾ ਸਿਉਂ ਨੇ ਮੂੰਹ ਜ਼ਬਾਨੀ ਹੀ ਦੱਸਿਆ।
-"ਇਹਨਾਂ 'ਚ ਫ਼ਰਕ ਕੀ ਐ ਜੀ?"
ਸੰਤ ਫਿਰ ਹੱਸ ਪਿਆ।
-"ਜੇ ਤਾਂ ਤੁਸੀਂ ਕਰਵਾਉਣੈਂ ਇੱਕੀ ਸੌ ਆਲਾ-ਫੇਰ ਤਾਂ ਸਾਡੇ ਬੰਦੇ ਆਉਣਗੇ ਤੇ ਆਖੰਡ ਪਾਠ ਪ੍ਰਕਾਸ਼ ਕਰ ਕੇ ਤੀਜੇ ਦਿਨ ਭੋਗ ਪਾ ਦੇਣਗੇ-ਘਾਣੀਂ ਖਤਮ।"
-"ਤੇ 'ਕੱਤੀ ਸੌ ਆਲੇ 'ਚ ਕੀ-ਕੀ ਆਉਂਦੈ ਜੀ?"
-"ਉਹ ਫਿਰ 'ਕੱਤੀ ਸੌ ਆਲੇ 'ਚ-ਰੱਬ ਥੋਡਾ ਭਲਾ ਕਰੇ...ਆਖੰਡ ਪਾਠ ਦੇ ਭੋਗ 'ਤੇ ਆਪਣੇ ਸੇਵਕ ਵਾਜੇ ਛੈਣੇ ਤੇ ਢੋਲਕੀ ਵੀ ਖੜਕਾਉਣਗੇ ਤੇ ਕੱਚੀ ਬਾਣੀ ਗਾਉਣਗੇ।"
-"ਕੱਚੀ ਬਾਣੀ ਕੀ ਹੁੰਦੀ ਐ ਜੀ...?" ਸਾਰੀ ਉਮਰ ਇੱਟਾਂ ਢੋਣ ਵਾਲੇ ਸ਼ਰਧਾ ਸਿਉਂ ਨੂੰ ਕੱਚੀ ਬਾਣੀ ਬਾਰੇ ਕੋਈ ਗਿਆਨ ਨਹੀਂ ਸੀ।
-"ਕੱਚੀ ਬਾਣੀ...?" ਸੰਤ ਆਮ ਆਦਤ ਮੂਜਵ ਹੱਸ ਪਿਆ, "ਜਿਹੜੀ ਅੱਜ ਕੱਲ੍ਹ ਆਮ ਪ੍ਰਚੱਲਤ ਰੀਤ ਐ-ਸਾਰੇ ਸੰਤ ਮਹਾਂਪੁਰਖ਼ ਅੱਜ ਕੱਲ੍ਹ ਕੱਚੀ ਬਾਣੀ ਈ ਗਾਉਂਦੇ ਐ-।" ਗੜਬੜਾ ਸਿਉਂ ਨੇ 'ਸੰਤ-ਮਹਾਂਪੁਰਖਾਂ' ਦਾ ਗੁਣ ਦੱਸਿਆ।
-"ਪਰ ਫੇਰ ਵੀ ਮਹਾਰਾਜ-ਚਾਨਣਾ ਤਾਂ ਪਾਓ-ਸਾਨੂੰ ਕਲਯੁਗੀ ਜੀਵਾਂ ਨੂੰ ਕੀ ਪਤੈ?" ਸਾਧੂ ਸਿਉਂ ਬੋਲਿਆ।
-"ਕੱਚੀ ਬਾਣੀ ਉਹ ਹੁੰਦੀ ਐ-ਬਈ ਬਾਣੀ 'ਚੋਂ ਇਕ ਅੱਧੀ ਪੰਗਤੀ ਲੈ ਲੈਣੀ-ਤੇ ਉਸੇ ਪੰਗਤੀ ਵਿਚ ਆਪਣੇ ਪੱਲਿਓਂ ਹੋਰ ਤੁਕਾਂ ਦੀ ਘੁੱਸਪੈਂਠ ਕਰੀ ਜਾਣੀ-ਚਿਮਟੇ ਖੜਕਾਈ ਜਾਣੇ-ਢੋਲਕੀ ਕੁੱਟੀ ਜਾਣੀ-ਆਈ ਗੱਲ ਸਮਝ 'ਚ?"
-"ਕਾਹਨੂੰ ਜੀ! ਅਸੀਂ ਥੋਨੂੰ ਦੱਸਿਆ ਤਾਂ ਹੈ ਬਈ ਅਸੀਂ ਪਾਪੀ ਲੋਕ-ਸਾਨੂੰ ਥੋਡੇ ਰੀਤੀ ਰਿਵਾਜਾਂ ਦਾ ਕੀ ਪਤੈ-ਥੋਡੀਆਂ ਮਹਾਰਾਜ ਤੁਸੀਂ ਜਾਣੋਂ!" ਸਾਧੂ ਸਿਉਂ ਨੇ ਖੁੱਲ੍ਹੇ ਹੱਥ ਫਿਰ ਜੋੜ ਲਏ।
-"ਜਮਾਂ ਈ ਕਮਲੇ ਓਂ...ਉਏ ਚਿਮਟਾ ਚੰਦਾ...!"
-"ਜੀ ਮਹਾਰਾਜ ਜੀ...?"
-"ਐਥੋਂ ਆਬਦਾ ਸੰਦ ਜਿਆ ਤਾਂ ਲਿਆ!"
-"ਕਿਹੜਾ ਸੰਦ ਮਹਾਰਾਜ਼..?" ਚੇਲਾ ਹੈਰਾਨੀ ਨਾਲ ਭਮੱਤਰ ਗਿਆ।
-"ਉਏ ਆਬਦਾ ਚਿਮਟਾ ਲਿਆ-ਸ਼ਰਧਾਲੂਆਂ ਨੂੰ ਕੱਚੀ ਬਾਣੀ ਬਾਰੇ ਦੱਸੀਏ।" ਸੰਤ ਜੀ ਖਿਝ ਗਏ।
-"ਲਿਆਇਆ ਜੀ...!" ਚੇਲਾ ਚਿਮਟਾ ਚੁੱਕ ਲਿਆਇਆ।
-"ਇਹ ਸ਼ਰਧਾਲੂ ਪ੍ਰੇਮੀ ਵਲੈਤੋਂ ਆਏ ਐ-ਵਜਾ ਕੇਰਾਂ-ਇਹ ਸਾਡਾ ਚੇਲਾ ਗੁਰਮਖੋ ਆਖੰਡ ਪਾਠਾਂ ਤੇ ਜਗਰਾਤਿਆਂ ਵਿਚ ਚਿਮਟਾ ਵਜਾਉਣ 'ਚ ਮਸ਼ਹੂਰ ਐ!"
-"ਵਾਹ ਜੀ ਵਾਹ...!" ਸਾਧੂ ਸਿਉਂ ਨੇ ਚੇਲੇ ਵੱਲ ਵੀ ਹੱਥ ਜੋੜ ਨਮਸਕਾਰ ਕੀਤੀ।
ਗੜਬੜਾ ਸਿਉਂ ਨੇ ਵਾਜਾ ਸੁਰ ਕੀਤਾ ਤਾਂ ਚੇਲੇ ਨੇ ਚਿਮਟਾ ਖੜਕਾਉਣਾ ਸ਼ੁਰੂ ਕਰ ਦਿੱਤਾ। ਸਾਧੂ ਸਿਉਂ ਅਤੇ ਸ਼ਰਧਾ ਸਿਉਂ ਹੱਥ ਜੋੜੀ ਥੋੜਾ ਪਿੱਛੇ ਹਟ ਗਏ, ਮਤਾਂ ਚੇਲਾ ਚਿਮਟਾ ਵਜਾਉਂਦਾ-ਵਜਾਉਂਦਾ ਨਾਸਾਂ ਹੀ ਨਾਂ ਭੰਨ ਦੇਵੇ। ਉਹ ਕਾਂ ਉਡਾਉਣ ਵਾਲਿਆਂ ਵਾਂਗ ਚਿਮਟਾ ਉਪਰ ਨੂੰ ਲਹਿਰਾ-ਲਹਿਰਾ ਕੇ ਵਜਾ ਰਿਹਾ ਸੀ। ਜਦੋਂ ਵਾਜਾ ਅਤੇ ਚਿਮਟਾ ਸੁਰ ਹੋ ਗਏ ਤਾਂ ਸੰਤ ਗੜਬੜਾ ਸਿਉਂ ਨੇ ਹੇਕ ਚੁੱਕੀ।
-"ਜੀ ਕਾਲ਼ੀ ਹੋਗੀ ਨਾਮ ਤੋਂ ਬਿਨਾ..!" ਨਾਲ ਹੀ ਚੇਲੇ ਨੇ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਜਦੋਂ ਸੰਤ ਗੜਬੜਾ ਸਿਉਂ "ਕਾਲੀ ਹੋਗੀ ਨਾਮ ਤੋਂ ਬਿਨਾ...!" ਤੋਂ ਅੱਗੇ ਨਾ ਤੁਰਿਆ ਤਾਂ ਸਾਧੂ ਸਿਉਂ ਨੇ ਉਸ ਨੂੰ ਠੱਲ੍ਹ ਪਾਈ।
-"ਹੁਣ ਮਹਾਰਾਜ 'ਕਵੰਜਾ ਸੌ ਆਲੇ 'ਤੇ ਵੀ ਚਾਨਣਾ ਪਾ ਦਿੰਦੇ-ਭਰਮ ਭੁਲੇਖਾ ਨ੍ਹੀ ਰਹਿੰਦਾ।"
-"ਉਹ ਇਕਵੰਜਾ ਸੌ ਆਲੇ 'ਚ ਤਾਂ ਭਾਈ ਇਉਂ ਐਂ-ਬਈ ਜਿੰਨੇ ਪਾਠੀ ਬੈਠਣਗੇ-ਸਭ ਕੇਸੀ 'ਸ਼ਨਾਨ ਕਰ ਕੇ ਬੈਠਣਗੇ-ਭੋਗ ਵੀ ਸਹੀ ਟੈਮ 'ਤੇ ਪਾਉਣਗੇ-ਬਾਣੀ ਤੇ ਹੁਕਮਨਾਮੇ ਦੀ ਵਿਆਖਿਆ ਵੀ ਕਰਨਗੇ-ਧੁਰ ਕੀ ਬਾਣੀ ਦਾ ਕੀਰਤਨ ਸੰਗਤ ਨੂੰ ਸਰਬਣ ਕਰਵਾਉਣਗੇ ਤੇ...ਆਹ ਗੱਲ ਐ ਭਾਈ...!"
-"ਮੈਨੂੰ ਲੱਗਦੈ ਸ਼ਰਧਾ ਸਿਆਂ ਬਈ 'ਕੱਤੀ ਸੌ ਆਲਾ ਈ ਠੀਕ ਐ-ਲੈਣਾ ਤਾਂ ਇਹਨਾਂ ਨੇ ਰੱਬ ਦਾ ਨਾਂ ਈ ਐ-ਚਾਹੇ ਕੱਚੀ ਬਾਣੀ 'ਚੋਂ ਲੈ ਲੈਣ ਤੇ ਚਾਹੇ ਬਾਬੇ ਦੀ ਬਾਣੀ 'ਚੋਂ-ਉਸ਼ਤਤ ਤਾਂ ਰੱਬ ਦੀ ਈ ਐ-ਬੰਦੇ ਦਾ ਮਨ ਸੱਚਾ ਹੋਣਾ ਚਾਹੀਦੈ ਤੇ ਨੀਅਤ ਸਾਫ਼ ਹੋਣੀ ਚਾਹੀਦੀ ਐ-।" ਸਾਧੂ ਸਿਉਂ ਨੇ ਸ਼ਰਧਾ ਸਿਉਂ ਦੇ ਕੰਨ ਵਿਚ ਕਿਹਾ।
-"ਆਹੋ! ਗੱਲ ਤੇਰੀ ਸੋਲ੍ਹਾਂ ਆਨੇ ਐਂ-ਨਾਲੇ 'ਖੰਡ ਪਾਠ ਤੋਂ ਬਾਅਦ ਆਏ ਗਏ ਦੀ ਸੇਵਾ ਵੀ ਕਰਨੀ ਐਂ-ਜਿਹੜਾ ਦੋ ਹਜਾਰ ਬਚੂਗਾ-ਉਹ ਓਧਰ ਕੰਮ ਆਜੂ...!"
-"ਠੀਕ ਐ ਜੀ-ਅਸੀਂ 'ਕੱਤੀ ਸੌ ਆਲਾ ਈ ਕਰਵਾਲਾਂਗੇ-ਪਰ ਤੁਸੀਂ ਤਾਂ ਦਰਸ਼ਣ ਦਿਓਂਗੇ?" ਸਾਧੂ ਸਿਉਂ ਨੇ ਗੜਬੜਾ ਸਿਉਂ ਨੂੰ ਪੁੱਛਿਆ।
-"ਇਹ ਗੱਲ ਤੁਸੀਂ ਮੇਰੇ ਸੈਕਟਰੀ ਨਾਲ ਕਰ ਲਓ।" ਸੰਤ ਜੀ ਉਠ ਕੇ ਤੁਰ ਪਏ।
-"ਮਹਾਰਾਜ ਖੰਡ ਪਾਠ ਦੀ ਤਰੀਕ ਤਾਂ ਦਰਜ ਕਰ ਲੈਂਦੇ।"
-"ਉਹ ਵੀ ਮੇਰਾ ਸੈਕਟਰੀ ਈ ਕਰ ਲਊਗਾ-ਬਈ ਉਲਝਣ ਸਿਆਂ...!" ਉਸ ਨੇ ਆਪਣੇ ਸਕੱਤਰ ਨੂੰ ਹਾਕ ਮਾਰੀ। ਸਕੱਤਰ ਹਾਜ਼ਰ ਸੀ। ਨਾਂ ਤਾਂ ਸੈਕਟਰੀ ਸਾਹਿਬ ਦਾ ਸੁਰਜਣ ਸਿਉਂ ਸੀ, ਪਰ ਸੰਤ ਜੀ 'ਉਲਝਣ ਸਿਉਂ' ਹੀ ਆਖ ਕੇ ਖ਼ੁਸ਼ ਹੁੰਦੇ।
-"ਆਹ ਪ੍ਰੇਮੀ ਵਲੈਤ ਤੋਂ ਆਏ ਐ-ਇਹਨਾਂ ਦੇ ਆਖੰਡ ਪਾਠ ਦੀ ਮਿਤੀ ਲਿਖ ਤੇ ਬਾਕੀ ਗੱਲ ਕਰ-ਮੇਰੇ ਪੂਜਾ ਪਾਠ ਦਾ ਟੈਮ ਹੋ ਗਿਆ।" ਤੇ ਸੰਤ ਗੜਬੜਾ ਸਿਉਂ ਕਮਰੇ ਅੰਦਰ ਵੜ ਗਿਆ।
-"ਆਜੋ ਸੰਗਤੋ-ਆਜੋ...!" ਸਕੱਤਰ ਉਹਨਾਂ ਨੂੰ ਆਪਣੇ ਦਫ਼ਤਰ ਅੰਦਰ ਲੈ ਗਿਆ।
-"ਕਿੱਦਣ ਦੀ ਤਰੀਕ ਲਿਖੀਏ?"
-"ਤੁਸੀਂ ਦੱਸੋ ਸਕੱਟਰੀ ਜੀ-ਪੁੱਛਣ ਤਾਂ ਥੋਨੂੰ ਆਏ ਐਂ-ਤੁਸੀਂ ਸਾਥੋਂ ਪੁੱਛਣ ਲੱਗਪੇ?"
-"ਮੱਸਿਆ ਆਲੇ ਦਿਨ ਭੋਗ ਪਾਮਾਂਗੇ-ਦਿਨ ਵੀ ਸ਼ੁਭ ਐ ਤੇ ਮੌਸਮ ਵੀ ਸੋਹਣੈਂ।"
-"ਠੀਕ ਐ ਜੀ-ਤੇ ਭੋਗ 'ਤੇ ਅਸੀਂ ਸੰਤ ਜੀ ਦੇ ਦਰਸ਼ਣ ਵੀ ਕਰਨਾ ਲੋਚਦੇ ਐਂ।"
-"ਦਰਸ਼ਣ...? ਸੱਤ ਬਚਨ...! ਕਿੰਨੇ ਆਲੇ ਦਰਸ਼ਣ ਕਰਨੇ ਐਂ?" ਉਸ ਨੇ ਕਾਪੀ ਤੋਂ ਨਜ਼ਰਾਂ ਪੱਟ ਕੇ ਪੁੱਛਿਆ।
-"ਕੀ ਮਤਬਲ ਜੀ...?" ਸਾਧੂ ਸਿਉਂ ਸਤੰਭ ਹੋਇਆ ਮਜੌਰਾਂ ਦੀ ਮਾਂ ਵਾਂਗ ਝਾਕ ਰਿਹਾ ਸੀ।
-"ਮੇਰਾ ਮਤਲਬ ਦਰਸ਼ਣ ਗਿਆਰਾਂ ਸੌ ਆਲੇ? ਇੱਕੀ ਸੌ ਆਲੇ ਜਾਂ 'ਕੱਤੀ ਸੌ ਆਲੇ?" ਸਕੱਤਰ ਨੇ ਪੈੱਨ ਮੂੰਹ ਵਿਚ ਪਾ ਲਿਆ। ਲਗਾਤਾਰ ਇੱਕੋ ਮੁੱਛ ਨੂੰ ਵਟਾ ਦਿੰਦਾ ਰਿਹਾ ਹੋਣ ਕਰਕੇ ਉਸ ਦੀ ਮੁੱਛ ਉਸਤਰੇ ਵਾਂਗ ਖੜ੍ਹੀ ਸੀ।
-"ਇਹ ਅੱਡੋ ਅੱਡੀ ਰੇਟ ਕਾਹਦੇ ਐਂ ਜੀ?" ਸਾਧੂ ਸਿਉਂ ਦੇ ਪੈਰ ਘੁਕੀ ਜਾ ਰਹੇ ਸਨ ਅਤੇ ਸਿਰ ਚਕਰੀ-ਗੇੜੇ ਪਿਆ ਹੋਇਆ ਸੀ।
-"ਜੇ ਤਾਂ ਦਰਸ਼ਣ ਗਿਆਰਾਂ ਸੌ ਆਲੇ ਕਰਨੇ ਐਂ-ਤਾਂ, ਤਾਂ ਸੰਤ ਜੀ ਆਉਣਗੇ ਤੇ ਥੋਨੂੰ ਤੇ ਪ੍ਰਬਾਰ ਨੂੰ ਆਸ਼ੀਰਬਾਦ ਦੇ ਕੇ ਤੁਰੰਤ ਈ ਮੁੜ ਆਉਣਗੇ-ਜੇ ਇੱਕੀ ਸੌ ਆਲੇ ਕਰਨੇ ਐਂ-ਤਾਂ ਸੰਤ ਜੀ ਭੋਗ ਤੱਕ ਅੜਕਣਗੇ-ਤੇ ਜੇ ਦਰਸ਼ਣ ਕਰਨੇ ਐਂ 'ਕੱਤੀ ਸੌ ਆਲੇ-ਤਾਂ ਸੰਤ ਜੀ ਸਵੇਰੇ ਅੰਮ੍ਰਿਤ ਵੇਲੇ ਈ ਆਪ ਜੀ ਦੇ ਗ੍ਰਹਿ ਵਿਖੇ ਚਰਨ ਪਾਉਣਗੇ-ਭੋਗ ਪੈਣ ਤੋਂ ਬਾਅਦ ਹੁਕਮਨਾਮੇ ਦੀ ਵਿਆਖਿਆ ਵੀ ਕਰਨਗੇ-ਕਥਾ ਕੀਰਤਨ ਵੀ ਜੱਥੇ ਦੇ ਨਾਲ ਰਲ ਕੇ ਆਪ ਕਰਨਗੇ ਤੇ ਸਾਰੇ ਪ੍ਰਬਾਰ ਨੂੰ ਆਸ਼ੀਰਬਾਦ ਵੀ ਦੇਣਗੇ-ਜੇ ਘਰ ਪ੍ਰਬਾਰ 'ਚ ਕਿਸੇ ਨੂੰ ਕੋਈ ਬਿਮਾਰੀ ਠਮਾਰੀ ਐ-ਕੋਈ ਦੁੱਖ ਤਕਲੀਪ ਐ ਤਾਂ ਸੰਤ ਜੀ ਮੰਤਰ ਛੰਤਰ ਵੀ ਦੇ ਸਕਦੇ ਐ-!"
-"ਸਕੱਟਰੀ ਜੀ ਤੁਸੀਂ ਇਉਂ ਕਰੋ-ਖੰਡ ਪਾਠ ਇੱਕੀ ਸੌ ਆਲਾ ਲਿਖਲੋ ਤੇ ਸੰਤ ਜੀ ਦੇ ਦਰਸ਼ਣ Ḕਕੱਤੀ ਸੌ ਆਲੇ ਕਰਲੋ-ਠੀਕ ਐ ਜੀ...?" ਸਾਧੂ ਸਿਉਂ ਬੋਲਿਆ।
-"ਠੀਕ ਤਾਂ ਸ਼ਰਧਾਲੂਓ ਤੁਸੀਂ ਦੱਸਣੈਂ-!" ਸਕੱਤਰ ਨੇ ਠੁਣਾਂ ਉਹਨਾਂ ਦੇ ਸਿਰ ਹੀ ਭੰਨਿਆਂ।
ਸ਼ਰਧਾ ਸਿਉਂ ਸਾਧੂ ਸਿਉਂ ਵੱਲ ਝਾਕਿਆ। ਸਾਧੂ ਸਿਉਂ ਨੇ ਆਪਣਾ ਮੂੰਹ ਸ਼ਰਧਾ ਸਿਉਂ ਦੇ ਕੰਨ ਕੋਲ ਕਰ ਲਿਆ।
-"ਸ਼ਰਧਾ ਸਿਆਂ! ਬੇਬੇ ਦੀਆਂ ਉੱਲਾਂ ਵੱਜਦੀਐਂ-ਤੇ ਮੇਰੇ ਆਲੀ ਮੇਲੋ ਨੂੰ ਵੀ ਕਦੇ ਕਦੇ ਦੌਰਾ ਜਿਆ ਪੈ ਜਾਂਦੈ-ਸੰਤ ਨਾਲੇ ਤਾਂ ਕੋਈ ਟੂਣਾਂ ਟਾਮਣ ਕਰਜੂ ਤੇ ਨਾਲੇ ਖੰਡ ਪਾਠ ਹੋਜੂ-ਠੀਕ ਐ...?"
-"ਠੀਕ ਐ...!" ਸ਼ਰਧਾ ਸਿਉਂ ਨੇ ਹਾਂਮੀ ਭਰ ਦਿੱਤੀ।

-"ਹਾਂ ਸਕੱਟਰੀ ਜੀ-ਬਿਲਕੁਲ ਠੀਕ ਐ-ਬੜਾ ਧੰਨਵਾਦ ਥੋਡਾ।" ਸਾਧੂ ਅਤੇ ਸ਼ਰਧਾ ਸਿੰਘ ਅਤੀਅੰਤ ਬਾਗੋਬਾਗ ਸਨ। ਉਹਨਾਂ ਦੇ ਆਖੰਡ ਪਾਠ 'ਤੇ 'ਸੰਤ ਜੀ' ਨੇ ਆਉਣਾ 'ਪ੍ਰਵਾਨ' ਕਰ ਲਿਆ ਸੀ। ਉਹ ਹੱਥ ਜੋੜਦੇ ਅਤੇ ਧੰਨ-ਧੰਨ ਕਰਦੇ ਘਰ ਨੂੰ ਤੁਰ ਪਏ। ਡੇਰੇ ਅੰਦਰ ਸਕੱਤਰ ਅਤੇ ਸੰਤ ਜੀ ਦੇ ਕੁਤਕੁਤੀਆਂ ਨਿਕਲੀ ਜਾ ਰਹੀਆਂ ਸਨ...!
..................................