Friday, May 14, 2010

ਇੱਕ ਖ਼ਤ- ਘਰੋਂ ਰੁੱਸ ਕੇ ਗਈ ਆਪਣੀ ਛਮਕ-ਛੱਲੋ ਦੇ ਨਾਂ !-ਗੁਰਮੇਲ ਬਦੇਸ਼ਾ

ਇੱਕ ਖ਼ਤ- ਘਰੋਂ ਰੁੱਸ ਕੇ ਗਈ ਆਪਣੀ ਛਮਕ-ਛੱਲੋ ਦੇ ਨਾਂ !  
                           
ਗੁਰਮੇਲ ਬਦੇਸ਼ਾ , ਸਰੀ ਬੀ, ਸੀ 
ਤੈਨੂੰ ਮੇਰੇ ਲੜ ਲਾਉਣ ਵਾਲੇ 'ਪੱਲੂ'  ਵਰਗੀਏ …ਭਾਗਵਾਨੇ !
ਤੂੰ ਕਿਉਂ ਪੱਲਾ ਛੁਡਾ ਕੇ ਤੁਰ ਗਈ ਏਂ ? ਆ ਜਾ ! ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਿਉਂਕਿ ਇਹ ਬੇਰ ਆਪਾਂ ਡਾਲਰ ਸਟੋਰ ਤੋਂ ਲਏ ਸੀ । ਯਾਦ ਕਰ ਓ ਵੇਲਾ ! ਜਦੋਂ ਤੂੰ ਇੰਡੀਆ ਤੋਂ ਨਵੀਂ ਨਵੀਂ ਆਈ ਸੀ ,'ਤੇ  ਮੇਰੀਆਂ ਪੈਂਟਾਂ ਦੀਆਂ ਦੋ ਦੋ ਕਰੀਜ਼ਾਂ ਬਣਾਉਂਦੀ ਹੁੰਦੀ ਸੀ ….., ਮੇਰੇ ਰੰਗਦਾਰ ਕਮੀਜ਼ ਜਦੋਂ ਤੂੰ ਬਲੀਚ ਪਾ ਪਾ ਕੇ ਧੋਂਦੀ ਹੁੰਦੀ ਸੈਂ ! ਜਦੋਂ ਤੂੰ ਖੀਰੇ ਦੀ ਥਾਂ 'ਤੇ ਘਿਓ ਤੋਰੀਆਂ ਦੇ ਸਲਾਦ ਕੱਟ ਕੱਟ ਖੁਵਾਉਂਦੀ ਹੁੰਦੀ ਸੈਂ ! ਜਦੋਂ ਸਟੀਲ ਦੇ ਗਲਾਸ 'ਚ ਚਾਹ ਵੀ ਮਾਈਕਰੋ ਵੇਵ ਵਿੱਚ ਗਰਮ ਕਰ ਕਰ ਕੇ ਪਿਲਾਉਂਦੀ ਹੁੰਦੀ ਸੈਂ !! ਤਰੀ ਵਾਲੀ ਮੈਕਰੋਨੀ ਦੇ ਸੁਆਦ ਨੂੰ ਅਜੇ ਵੀ ਮੇਰੇ ਬੁੱਲ ਤਰਸਦੇ ਨੇ ! 'ਤੇ ਮੈਂ ਵੀ ਤੇਰੇ ਵਾਸਤੇ ਤੱਤੀਆਂ ਜਲੇਬੀਆਂ ਲੈ ਕੇ ਆਉਂਦਾ ਹੁੰਦਾ ਸੀ , 'ਤੇ ਤੂੰ ! ਚੁੰਨੀ ਦੇ ਪੱਲੇ ਨਾਲ ਫੜ ਕੇ ਕਿਚਅੱਪ ਲਾ ਲਾ ਕੇ ਖਾਂਦੀ ਹੁੰਦੀ ਸੀ । ਹਾਏ ਨੀ ! ਮੇਰੇ ਘਰ ਦੀਏ ਸੁਆਣੀਏ !! ਤੇਰੇ ਬਾਝੋਂ ਹੁਣ ਕੌਣ ਬਣਾਊਗਾ ਤਰੀ ਵਾਲੇ ਕਰੇਲੇ  !?!
             ਤੇਰੇ ਹੱਥਾਂ ਨਾਲ ਫਰੀਜ਼ਰ ਚ' ਰੱਖਿਆ ਲੂਣ ਦਾ ਪੈਕਟ ਵੇਖ ਵੇਖ ਕੇ ਮੈਂ ਤਾਂ ਵਿੱਚੋ ਵਿੱਚ ਖੁਰਦਾ ਜਾ ਰਿਹਾ ਹਾਂ, ਕਿ ਮੇਰੀ ਘਰਵਾਲੀ ਨੂੰ ਘਰ ਦਾ ਕਿੰਨਾ ਖਿਆਲ ਸੀ ਕਿ ਕਿਸੇ ਚੀਜ ਨੂੰ ਉੱਲੀ ਨਾ ਲੱਗ ਜਾਵੇ ? ਇਸੇ ਕਰਕੇ ਹੀ ਸ਼ਾਇਦ ਤੂੰ ਮੈਨੂੰ ਵੀ ਫਰਿੱਜ 'ਚ ਲਾ ਕੇ ਤੁਰ ਗਈ ਏਂ । ਮੈਨੂੰ ਉੱਲੀ ਤਾਂ ਨਹੀਂ ਲੱਗੀ, ਪਰ ਤੇਰੇ ਵਿਛੋੜਿਆਂ ਦੀ ਸਲਾਬ੍ਹ ਹੀ ਮੁੱਲ ਖਰੀਦੇ ਰਿਸ਼ਤਿਆਂ ਦੀਆਂ ਕੰਧਾਂ ਦੀ ਬੁਨਿਆਦ ਵਾਂਗੂੰ ਖੋਖਲਾ ਕਰੀ ਜਾ ਰਹੀ ਏ !  ਪਰ ਰਿਸ਼ਤੇ ਰਿਸ਼ਤੇ ਹੀ ਹੁੰਦੇ ਨੇ ! ਵਪਾਰ ਵਪਾਰ ਹੀ !!
ਯਾਦ ਕਰ ਓ ਵੇਲਾ ! ਜਦੋਂ ਲਾਵਾਂ ਤੋਂ ਬਾਅਦ ਰਾਗੀ ਵੀ ਢੋਲਕੀਆਂ 'ਤੇ ਮੁੱਕੀਆਂ ਮਾਰ ਮਾਰ ਕੇ ਰਾਗ ਅਲਾਪਦੇ ਸੀ ,….. 'ਮੈਂ ਪੱਲੇ ਤੈਂਡੇ ਲਾਗੀ …. ਮੈਂ ਪੱਲੇ ਤੈਂਡੇ ਲਾਗੀ  !!'
ਹੁਣ ਸਮਝ ਆਉਂਦੀ ਐ, ਕਿ ਰਾਗੀ ਢੋਲਕੀਆਂ 'ਤੇ ਨਹੀਂ, ਤੂੰ ਮੇਰੀ ਹਿੱਕ 'ਤੇ ਚੂੜੇ ਛਣਕਾਉਂਦੀ ਸੀ …….ਮੈਂ ਪੱਲੇ ਤੈਂਡੇ ਲਾਗੀ….!!
ਸ਼ਾਇਦ ਮੈਂ ਹੀ ਪੱਲੇ 'ਚ ਚੁੰਬਕ ਪੱਥਰ ਫਿੱਟ ਕਰਵਾ ਕੇ ਇੰਡੀਆ ਗਿਆ ਸੀ ਕਿ ਤੂੰ ਮੇਰੇ ਵੱਲ ਖਿੱਚੀ ਗਈ ! ਪਰ ਓਦੋਂ ਤੁਹਾਨੂੰ ਮੈਂ ਨਹੀਂ, ਮੇਰਾ ਕੈਨੇਡੀਅਨ ਪਾਸਪੋਰਟ ਦਿਸਦਾ ਸੀ….ਏਸੇ ਕਰਕੇ ਹੀ  ਸ਼ਾਇਦ ਤੂੰ ਪੱਲੇ ਮੈਂਡੇ ਲਾਗੀ ਸੀ !
ਚੱਲ ਛੱਡ !  ਪਰ, ਹੁਣ ਜਦੋਂ ਸਵੇਰ ਦੇ ਚਾਰ ਵੱਜਦੇ ਨੇ ਤਾਂ ਤੇਰੀ ਯਾਦ ਘੂਕ ਸੁੱਤੇ ਪਏ ਨੂੰ ਜਗਾ ਕੇ ਸੋਚਣ ਲਈ ਮਜਬੂਰ ਕਰ ਦਿੰਦੀ ਏ, ਕਿ ਜਦੋਂ ਤੂੰ ਹੁੰਦੀ ਸੀ, ਤਾਂ ਅਲਾਰਮ ਲਾਉਣ ਦੀ ਜਰੂਰਤ ਨਹੀਂ ਹੁੰਦੀ ਸੀ । ਕਿਉਂਕਿ ਚਾਹ 'ਚ ਪਾਉਣ ਵਾਸਤੇ ਵੱਡੀਆਂ ਲੈਚੀਆਂ ਸਟੀਲ ਦੀ ਘੋਟਣੀ ਵਿੱਚ ਜਦੋਂ ਵੱਡੇ ਤੜਕੇ ਰਗੜਦੀ ਹੁੰਦੀ ਸੀ ਤਾਂ  'ਠੱਕ ਠੱਕ' ਦੀ ਆਵਾਜ਼ ਮੈਨੂੰ ਉਭੜਵਾਹੇ ਆਪੇ ਹੀ ਜਗਾ ਦਿੰਦੀ ਸੀ ।
ਪਰ ਮੈਂ ਤਾਂ ਕਈ ਵਾਰ ਰਾਤ ਨੂੰ ਵੀ ਨਹੀਂ ਸੀ ਸੌਂਦਾ ਹੁੰਦਾ, ਕਿ ਕਿਤੇ ਤੇਰੇ ਘੁਰਾੜੇ ਆਪਣੀ ਰਫਤਾਰ ਤੋਂ ਖੁੰਝ ਕੇ ਆਊਟ ਆਫ ਕੰਟਰੌਲ ਨਾ ਹੋ ਜਾਣ ?
ਤੇਰੇ ਉਹ ਘੁਰਾੜੇ ਰਿਕਾਰਡ ਕੀਤੇ ਅੱਜ ਵੀ ਮੈਂ ਕਈ ਵਾਰ ਰਾਤ ਨੂੰ ਲਾ ਕੇ ਸੌਂਦਾ ਹਾਂ, ਕਿਉਂਕਿ ਮੈਨੂੰ ਮਿੰਨ੍ਹੇ-ਮਿੰਨ੍ਹੇ ਸੰਗੀਤ ਵਿੱਚ ਬੜੀ ਗੂੜੀ ਨੀਂਦ ਆਉਂਦੀ ਏ !
ਜਦੋਂ ਤੂੰ ਬੈੱਡਰੂਮ ਵਿੱਚ ਸੁੱਤੀ ਪਈ ਹੁੰਦੀ ਸੈਂ, ਤਾਂ ਆਂਢੀ ਗੁਆਂਢੀ ਵੀ ਡੋਰ ਖੜਕਾ ਖੜਕਾ ਕੇ ਪੁੱਛਦੇ ਹੁੰਦੇ ਸੀ, ਕਿ ਇਸ ਮਨਾਹੀ ਵਾਲੇ ਖੇਤਰ 'ਚੋਂ ਕੋਈ ਟਰੱਕ ਤਾਂ ਨਹੀਂ ਲੰਘਿਆ? ਪਰ ਇੰਜਣ ਬਰੇਕਾਂ ਪਤਾ ਨਹੀਂ ਕੀਹਨੇ ਲਗਾ ਦਿੱਤੀਆਂ ਨੇ ?
ਤੈਨੂੰ ਯਾਦ ਏ ਨਾ, ਜਦੋਂ ਮੈਂ ਘਰ ਦੇ ਮੇਨ ਗੇਟ 'ਤੇ  'ਬਦੇਸ਼ਾ'ਜ਼ ਰੈਜ਼ੀਡੈਂਸ' ਦੀ ਤਖਤੀ ਲਟਕਾ ਦਿੱਤੀ ਸੀ, ਪਰ ਪਤਾ ਨਹੀਂ ਕਿਸ ਭੜੂਏ ਨੇ ਉਸ ਪਲੇਟ ਉਪਰ  'ਘੁਰਾੜਾ-ਹਾਊਸ' ਲਿਖ ਦਿੱਤਾ ਸੀ ।?।
ਅੱਜ ਕਿਚਨ 'ਚ ਗੰਢੇ ਛਿਲਦੇ ਦੇ ਨੈਣਾਂ 'ਚ ਮੇਰੇ ਹੰਝੂ ਬੀਤੇ ਪਲਾਂ ਦੀ ਯਾਦ ਦਿਵਾ ਰਹੇ ਨੇ, ਜਦੋਂ ਤੂੰ ਪਹਿਲੀ ਵਾਰੀ ਇੰਡੀਆ ਤੋਂ ਆ ਕੇ ਕਾਲੇ ਨਾਗ ਵਰਗੀ ਗੁੱਤ ਬਿਉਟੀ ਪਾਰਲਰ ਵਾਲਿਆਂ ਦੀ ਪਟਾਰੀ ਵਿੱਚ ਪਾ ਆਈ ਸੀ !
…..ਤੇ ਰਬੜ ਪਾਕੇ ਕੱਟੇ ਵਾਲਾਂ ਦੀ 'ਚੂੰਡੀ' ਇੰਝ ਲੱਗਦੀ ਸੀ ; ਜਿਵੇਂ : ਟੋਕਰੀ 'ਚ ਪਏ ਪਏ ਗੰਢੇ ਨੇ ਭੂਕਾਂ ਕੱਢ ਲਈਆਂ ਹੋਣ !
ਤੇਰੀ ਗੁੱਤ ਨਾਲ ਮੈਨੂੰ ਮੋਹ ਸੀ, ਤੇਰੀਆਂ ਜ਼ੁਲਫਾਂ ਵਿੱਚ ਖੇਡਣ ਦਾ ਚਾਅ ……!!
ਕਿਉਂਕਿ ਨਹੁੰ 'ਤੇ ਨਹੁੰ ਰੱਖ ਕੇ ਲੀਖਾਂ-ਧੱਖਾਂ ਦੇ ਪਟਾਕੇ ਪਾਉਣ ਦਾ ਵੱਖਰਾ ਹੀ ਨਜਾਰਾ ਹੁੰਦਾ ਸੀ ।
ਏਸੇ ਕਰਕੇ ਹੀ ਮੈਂ ਬਿਉਟੀ ਪਾਰਲਰ ਤੋਂ ਤੇਰੀ ਕੁਰਬਾਨ ਹੋਈ ਗੁੱਤ ਨੂੰ ਲਿਆ ਕੇ  ਮੈਂ ਆਪਣੇ ਟਰੱਕ ਦੇ ਸ਼ੀਸ਼ਿਆਂ ਨਾਲ ਬੰਨ੍ਹ ਲਿਆ ਸੀ । ਪਰ ਹੁਣ ਉਦੋਂ ਖੂਨ ਖੋਲਦੈ ; ਜਦੋਂ : ਕੋਈ ਪੁਲਸੀਆ ਮੇਰੇ ਟਰੱਕ ਨੂੰ ਗੁੱਤੋਂ ਫੜ੍ਹ ਕੇ ਪੁੱਛਦੈ , "ਓਏ ਕਿੱਧਰ ਮੂੰਹ ਚੁੱਕੀ ਜਾਨੈ…?"
ਪਰ ਪੁਲਸੀਏ ਨੂੰ ਕਿੰਝ ਸਮਝਾਵਾਂ ਕਿ 'ਵਾਲ ਕਟਵਾਉਣੀ ਦਾ ਘਰ ਦੂਰ ਸੁਣੀਂਦਾ… ਵਾਲਾਂ ਦਾ ਰਿੰਡ ਕਹਿੰਦਾ …!@ …ਨੀ  ! ਤੇਰੀਆਂ ਜੂੰਆਂ ਦਾ ਗਿੜਦਾ ਪੈਂਦਾ .! ……..ਨੀ ਤੇਰੀਆਂ ਜੂੰਆਂ ਦਾ ਗਿੱਧਾ………..!!

ਪਰ ਜੀਣ ਜੋਗੀਏ ! ਜਦੋਂ ਤੂੰ ਕਿਪਲੈਨੋ ਬਰਿੱਜ ਵਰਗੀ ਗੁੱਤ ਮੇਰੇ ਮੋਢਿਆਂ 'ਤੇ ਰੱਖ ਕੇ ਸੌਂਦੀ ਹੁੰਦੀ ਸੀ, ਤਾਂ ਟਿਕੀ ਰਾਤ ਨੂੰ ਤੇਰੀਆਂ ਜੂੰਆਂ ਬਰਿੱਜ ਪਾਰ ਕਰਕੇ  ਮੇਰੀ ਟਿੰਡ 'ਤੇ ਗੁੱਲੀ ਡੰਡਾ ਖੇਡ ਖੇਡ ਕੇ ਮੇਰੇ ਸਿਰ ਦੀ ਪਿੱਚ ਉਧੇੜ ਦਿੰਦੀਆਂ ਸਨ, 'ਤੇ ਆਪਣੇ ਚੌਕੇ – ਛਿੱਕੇ ਵਿੱਚੇ ਹੀ ਰਹਿ ਜਾਂਦੇ ਸੀ……..!!
ਕੀ ਦੱਸਾਂ ? … ਅੱਜ ਵੇਲਣੇ ਤੋਂ ਤੇਰੇ ਹੁੰਦਿਆਂ ਦਾ ਜੰਮਿਆ ਆਟਾ ਲਾਹੁੰਦੇ ਨੂੰ ਫਿਰ ਤੇਰੀ ਯਾਦ ਆ ਗਈ, ਕਿ ਜਦੋਂ ਤੂੰ ਰੋਟੀਆਂ ਪੁਕਾਉਣ ਤੋਂ ਬਾਅਦ ਕਿਚਨ 'ਚ ਖੜ੍ਹ ਨਹੁੰ ਕੱਟਦੀ ਹੁੰਦੀ ਸੈਂ, ਤਾਂ ਤੂੰ ਮੈਨੂੰ ਕਿੰਨੀ ਸੋਹਣੀ ਲੱਗਦੀ ਹੁੰਦੀ ਸੀ ..!
ਕੰਘੀਆਂ 'ਚ ਚਿਰਾਂ ਤੋਂ ਤੇਰੇ ਫਸੇ ਵਾਲਾਂ ਦੀ ਰਿਹਾਈ ਦੇ ਮੈਂ ਤਾਂ  ਅੱਜ ਵੀ ਬਰਖਿਲਾਫ ਹਾਂ ! ਲਾਂਡਰੀ 'ਚ ਅਣਧੋਤੀਆਂ ਤੇਰੀਆਂ ਪਰਾਂਦੀਆਂ ਦੀ ਅਪੀਲ-ਦਲੀਲ ਦੀ ਮੈਂ ਸਖਤ ਸ਼ਬਦਾਂ ਵਿੱਚ ਵਿਰੋਧ ਕਰਦਾ ਸੀ, ਅੱਜ ਵੀ ਕਰ ਰਿਹਾਂ ਹਾਂ !
ਲਿਵਿੰਗ ਰੂਮ 'ਚੋਂ ਵੈਅਕੁਮ ਵਾਲੀ ਮਸ਼ੀਨ  ਦੇ ਰੋਲਰ ਰਾਹੀਂ ਗ੍ਰਿਫਤਾਰ ਹੋਏ ਤੇਰੀਆਂ ਜ਼ੁਲਫਾਂ ਦੇ ਕਾਲੇ ਕਾਲੇ ਵਾਲਾਂ ਨੂੰ ਹੁਣ ਦੱਸ ਕਿਹੜੇ ਮੂੰਹ ਨਾਲ ਰਿਹਾਅ ਕਰਾਂ ?
ਇੱਕ ਦਿਨ ਮੈਂ ਤੈਨੂੰ ਕਿਹਾ ਸੀ ਕਿ ਕਦੇ ਕਦੇ ਜੀਨ-ਸ਼ੀਨ ਵੀ ਪਾ ਲਿਆ ਕਰ । ਅੱਗੋਂ ਤੂੰ ਝੱਟ ਕਹਿ ਦਿੱਤਾ ਸੀ , "ਮੈਥੋਂ ਨਹੀਂ ਲਾਏ ਜਾਂਦੇ ਬਟਨ, ਮੈਥੋਂ ਨਹੀਂ ਕਸੀਆਂ ਜਾਣੀਆਂ ਜੀਨ ਦੀਆਂ ਬੈਲਟਾਂ !!" ...ਦੇਖ ਲੈ ਮੈਂ ਤਾਂ ਖੜ੍ਹੇ ਪੈਰ ਹੀ  ਜੀਨਾਂ 'ਚ ਨਾਲੇ ਵੀ ਪੁਆ ਦਿੱਤੇ ਸੀ, ਪਰ ਤੂੰ ਫਿਰ ਵੀ ਮੇਰੇ ਮਨ ਦੀ ਰੀਝ ਪੂਰੀ ਨਹੀਂ ਸੀ ਕੀਤੀ ।
ਪਰ ਇਹਨਾਂ ਨਿੱਕੀਆਂ–ਨਿੱਕੀਆਂ ਗੱਲਾਂ ਪਿੱਛੇ ਆਪਣੇ ਵਾਂਗੂੰ ਘਰ ਟੁੱਟ ਜਾਂਦੇ  ਨੇ, ਜੋ ਗਲਤ ਫਹਿਮੀਆਂ ਦੂਰ ਕਰਕੇ ਦੁਬਾਰਾ ਜੁੜ ਵੀ ਸਕਦੇ ਨੇ ! ……ਪਰ, ਪਰ ਜੇ ਦਿਲ ਟੁੱਟ ਜਾਣ ਤਾਂ ਦੁਨੀਆ ਦਾ ਕੋਈ ਵੀ ਕਰੇਜੀ ਗਲੂਅ ਜੋੜ ਨਹੀਂ ਸਕਦਾ !
ਸੋ ਇਸੇ ਕਰਕੇ ਹੀ ਕਹਿੰਦਾ ਹਾਂ ਕਿ………
ਕਮਲੀਏ ! ਹੁਣ  ਕਮਲ ਨਾ ਖਿੰਡਾ…….!!  ਤੇਰਾ ਗੁਰਮੇਲ ਐਨਾ ਵੀ ਦਿਲ ਦਾ ਨਹੀਂ ਮਾੜਾ !!!............. ਮੈਨੂੰ ਤੇਰੇ ਮੱਥੇ ਦੀ ਲਾਲ ਬਿੰਦੀ ਦਾ ਸਾਇਨ ਬੇਸ਼ੱਕ ਆਖ ਰਿਹੈ ਕਿ ਡੂ ਨਾਟ ਇੰਟਰ !.....ਇਟ'ਸ ਰੌਂਗ ਵੇਅ ……..!!
ਪਰ ਦਿਲ ਦੀਆਂ ਸੱਭ ਗੁੱਝੀਆਂ ਰਮਜਾਂ ਜਾਣਦੀਏ ! ਗਲਤ ਰਾਹਾਂ 'ਤੇ ਹੀ ਤੁਰ ਕੇ ਇਨਸਾਨ ਨੂੰ ਅਸਲੀ ਰਾਹਾਂ ਦੀ ਪਛਾਣ ਹੁੰਦੀ  ਐ !
ਵੜ ਲੈਣ ਦੇ ਆਪਣੇ ਮੱਥੇ ਦੀਆਂ ਚਾਰ ਲਕੀਰਾਂ ਦੇ ਅੰਤਰ-ਰਾਸ਼ਟਰੀ ਮਾਰਗ 'ਚ…………!........, ਸ਼ਾਇਦ ਮੰਜਿਲ ਮਿਲ ਜਾਵੇ…….. ਰਾਹਾਂ ਤੋਂ ਭਟਕੇ ਤੇਰੇ ਪਤੀ ਪ੍ਰਮੇਸ਼ਰ ਨੂੰ !!
ਤੂੰ ਹੀ ਦੱਸ ! ਸਾਬਤ ਸਬੂਤ ਬੰਦੇ ਦਾ ਹੱਟੀ ਕੱਟੀ ਔਰਤ ਤੋਂ ਬਿਨ੍ਹਾ ਜੀਣਾ ਵੀ ਕੀ ਜੀਣਾ ?
ਮੇਰੇ ਨਾਲ ਤੇਰੇ ਗੂੜ੍ਹੇ ਲਗਾਅ ਦੀਆਂ ਨਿਸ਼ਾਨੀਆਂ ਮੈਂ ਤਾਂ ਅੱਜ ਤੱਕ ਸਾਂਭ ਕੇ ਰੱਖੀਆਂ ਹੋਈਆਂ ਨੇ ! ਪਾਟੀਆਂ ਚਾਲੀ ਟੀ-ਸ਼ਰਟਾਂ ਵੀਹ ਬਨੈਨਾਂ ਨਾਲ ਮੈਂ ਤਾਂ ਅਟੈਚੀ ਕੇਸ ਭਰ ਕੇ ਰੱਖਿਆ ਹੋਇਆ ਏ ! ਤੇਰੇ ਵਲੋਂ ਨਹੁੰਦਰਾਂ ਮਾਰ ਕੇ ਮੇਰੇ ਧੋਬੀ ਕੁੱਟ ਜਿਸਮ ਚੋਂ ਕੱਢੇ ਖੂਨ ਨੂੰ ਵੇਖ ਕੇ ਇੱਕ ਵਾਰੀ ਪੁਲਿਸ ਵਾਲੇ ਨੇ ਪੁੱਛਿਆ ਸੀ ਕਿ ਆਹ ਕੀ ਹੋ ਗਿਐ ? ਮੈਂ ਤੈਨੂੰ ਬਚਾਉਣ ਲਈ ਕਹਿ ਦਿੱਤਾ ਸੀ – ਕਿ ਗੁਆਂਢੀ ਗੋਰੇ  ਦੀ  ਭੂਤਰੀ ਬਿੱਲੀ ਨੇ ਮੇਰੇ 'ਤੇ ਸੈਕਸ਼ੂਅਲ ਅਸਾਲਟ ਕਰ ਦਿੱਤੈ ! ਹੋਰ ਕੀ ਦੱਸਦਾ ਕਿ ਇਹ ਕਾਰਾ ਤਾਂ ਮੇਰੀ ਮਾਣੋ ਬਿੱਲੀ ਦੀਆਂ ਖਰੂਦੀ ਖਰਮਸਤੀਆਂ ਕਰਕੇ ਹੋਇਐ !!  ਤੇਰੇ ਬਦਲੇ ਵਿਚਾਰੀ ਬੇਕਸੂਰ ਬਿੱਲੀ ਦੀਆਂ ਪੁੱਠੀਆਂ ਮੁਸ਼ਕਾਂ ਬੰਨ੍ਹਾ ਦਿੱਤੀਆਂ ਸਨ !
ਪਰ ਮੈਂ ਤਾਂ ਸੱਭ ਕੁਝ 'ਤੇ ਮਿੱਟੀ ਇਸ ਤਰ੍ਹਾਂ ਪਾ ਦਿੱਤੀ ਸੀ ; ਜਿਵੇਂ : ਪਿੱਟ-ਬੁੱਲ ਕੋਈ ਕਾਰਾ ਕਰਕੇ ਪਿਛਲੀਆਂ ਲੱਤਾਂ ਨਾਲ ਡਿਫਰੈਂਸ਼ਲ ਲੌਕ ਲਗਾਏ ਬਿਨਾਂ ਹੀ ਸਲਿੱਪ ਮਾਰ ਜਾਂਦੈ !
ਮੇਰੀ ਥਾਂ 'ਤੇ ਕੋਈ ਹੋਰ ਹੋਵੇ ਤਾਂ ਤੈਨੂੰ ਪੂਰਨਮਾ ਦੇ ਚੰਦ ਦੀਏ ਚੰਦਰੀਏ ਕਾਲਖੇ ਕਹਿ ਕੇ ਬੁਲਾਵੇ ! ਨਾਲੇ ਕਹਿਣ ਨਾਲ ਜਿਆਦਾ ਪਤਾ ਤਾਂ ਨਹੀਂ ਲੱਗਦਾ ।
ਪਰ ਜਿੰਦਗੀ ਦੁਬਾਰਾ ਨਹੀਂ ਆਉਂਦੀ, 'ਤੇ ਨਾ ਹੀ ਮੈਨੂੰ ਛੱਡ ਕੇ ਕੋਈ ਮੈਥੋਂ ਸੋਹਣਾ ਯੁਸਫ ਖਾਨ ਤੈਨੂੰ ਮਿਲ ਸਕਦੈ ! ਸ਼ਾਇਦ ਮਿਲ ਵੀ ਜਾਵੇ, ਪਰ ਬੁੱਕਲ ਚ' ਬਹਿ ਕੇ ਕੋਈ ਮੇਰੇ ਵਾਂਗੂੰ ਛਿੱਟ ਛਿੱਟ ਲਾ ਕੇ ਉਮਰ-ਏ-ਖਿਆਮ ਨਹੀਂ ਬਣ ਸਕੇਗਾ !
ਪਰ ਇੱਕ ਵਾਅਦਾ ਹੈ ਕਿ ਤੇਰੀ ਘਰ ਵਾਪਸੀ 'ਤੇ ਮੈਂ ਸ਼ਰਾਬ ਤਾਂ ਕੀ ਇਸ ਬੋਤਲ ਨੂੰ ਦੰਦਾਂ ਨਾਲ ਚਿੱਥ ਕੇ ਘਰ ਦੀ ਦੇਹਲੀ 'ਤੇ ਇਸ ਤਰਾਂ ਵਿਛਾ ਦੇਵਾਂਗਾ ਕਿ ਅੱਗੇ ਤੋਂ ਤੂੰ ਘਰੋਂ ਦੁਬਾਰਾ ਪੈਰ ਪੁੱਟਣ ਤੋਂ ਪਹਿਲਾਂ ਸੌ ਵਾਰੀ ਸੋਚ ਸੋਚ ਕੇ ਜ਼ਖਮੀ ਹੋਵੇਂਗੀ ! ਹੁਣ ਹੋਰ ਕੀ ਆਖਾਂ ?
ਨਿੱਤਰੀ ਸ਼ਰਾਬ ਵਰਗਾ – ਤੇਰਾ ਢੋਲ ਸ਼ਰਾਬੀ,
ਗੁਰਮੇਲ ਬਦੇਸ਼ਾ !
*************

No comments:

Post a Comment